ਬਹੁਜਨ ਸਮਾਜ ਪਾਰਟੀ ਕਾਂਸ਼ੀ ਰਾਮ ਦੇ ਸੁਪਨੇ ਨੂੰ ਪੂਰਾ ਕਰਨ ਲਈ ਦੇਸ਼ ਦੇ ਲਾਲ ਕਿਲ੍ਹੇ 'ਤੇ ਨੀਲਾ ਝੰਡਾ ਚਾੜ ਕੇ ਹੀ ਦਮ ਲਵੇਗੀ :- ਹਰਬੰਸ ਸਿੰਘ ਰਾਏਕੋਟ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 19 ਫਰਵਰੀ 2025- "ਦੇਸ਼ ਅੰਦਰ ਬਹੁਜਨ ਸਮਾਜ ਦਾ ਰਾਜ-ਭਾਗ ਸਥਾਪਤ ਕਰਨ ਲਈ, ਬਹੁਜਨ ਸਮਾਜ ਪਾਰਟੀ ਦੇ ਬਾਨੀ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਅਧੂਰੇ ਰਹਿ ਚੁੱਕੇ ਸੁਪਨੇ ਨੂੰ ਪੂਰਾ ਕਰਨ ਲਈ ਦਲਿਤ ਸਮਾਜ ਨੂੰ ਮਜ਼ਬੂਤ ਏਕੇ ਦੀ ਲੋੜ ਹੈ। ਜਿੰਨਾ ਚਿਰ ਬਹੁਜਨ ਸਮਾਜ ਪਾਰਟੀ ਦਿੱਲੀ ਦੇ ਤਖ਼ਤ 'ਤੇ ਕਾਬਜ਼ ਨਹੀਂ ਹੋ ਜਾਂਦੀ,ਸਾਡੇ ਆਗੂ/ਵਰਕਰ ਤੇ ਸਾਡਾ ਸਮਾਜ ਚੈਨ ਨਾਲ ਨਹੀਂ ਬੈਠੇਗਾ।ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਸਾਹਿਬ ਅਤੇ ਸ੍ਰੀ ਕਾਂਸ਼ੀ ਰਾਮ ਜੀ ਦੇ ਸੁਪਨੇ ਨੂੰ ਪੂਰਾ ਕਰਕੇ ਬਸਪਾ ਦਿੱਲੀ ਦੇ ਲਾਲ ਕਿਲ੍ਹੇ 'ਤੇ "ਨੀਲਾ" ਝੰਡਾ ਚਾੜ ਕੇ ਹੀ ਦਮ ਲਵੇਗੀ"। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਟਕਸਾਲੀ ਤੇ ਸੀਨੀਅਰ ਆਗੂ ਹਰਬੰਸ ਸਿੰਘ ਹਾਂਸ ਰਾਏਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਬਸਪਾ ਦੇ ਇਸ ਨਿਧੜਕ ਆਗੂ ਹਰਬੰਸ ਸਿੰਘ ਰਾਏਕੋਟ ਨੇ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ ਲੱਗਭਗ 58 ਸਾਲ ਦਾ ਸਮਾਂ ਹੋਣ ਵਾਲਾ ਹੈ, ਪ੍ਰੰਤੂ ਅਫਸੋਸ ਕਿ ਅੱਜ ਜਦੋਂ ਬਹੁਜਨ ਸਮਾਜ ਦੇਸ਼ ਦੇ ਰਾਜ ਭਾਗ ਦਾ ਮਾਲਕ(ਰਾਜਾ)ਹੋਣਾ ਚਾਹੀਦਾ ਸੀ, ਇਸ ਨੂੰ ਭਿਖ਼ਾਰੀ ਬਣਾ ਕੇ ਰੱਖ ਦਿੱਤਾ ਗਿਆ ਹੈ।ਜਿਸ ਲਈ ਕੇਂਦਰ 'ਚ ਵੱਖ-ਵੱਖ ਸਮਿਆਂ 'ਤੇ ਬਣੀਆਂ ਵੱਖ-ਵੱਖ ਪਾਰਟੀਆਂ ਦੀ ਸਰਕਾਰਾਂ ਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਬਸਪਾ ਆਗੂ ਹਰਬੰਸ ਸਿੰਘ ਰਾਏਕੋਟ ਨੇ ਹਿੱਕ ਠੋਕ ਕੇ ਦਾਅਵਾ ਕਰਦਿਆਂ ਕਿਹਾ ਕਿ ਭਵਿੱਖ ਅੰਦਰ ਕੇਂਦਰ ਦੀ ਸੱਤਾ ਦੀ ਚਾਬੀ/ਦੇਸ਼ ਦੇ ਵੱਖ-ਵੱਖ ਰਾਜਾਂ ਦੀ ਸੱਤਾ ਦੀ ਮਾਸਟਰ ਚਾਬੀ ਬਹੁਜਨ ਸਮਾਜ ਦੇ ਲੋਕਾਂ ਦੇ ਵੱਡੇ ਤੇ ਭਰਪੂਰ ਸਹਿਯੋਗ ਸਦਕਾ ਬਸਪਾ ਦੇ ਹੱਥ 'ਚ ਆਉਣ ਤੋਂ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਨਹੀਂ ਸਕੇਗੀ, ਕਿਉਂ ਕਿ ਦਲਿਤ ਸਮਾਜ/ਬਹੁਜਨ ਸਮਾਜ ਦੇ ਲੋਕ ਹੁਣ ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਹੋਣ ਦੇ ਨਾਲ-ਨਾਲ ਸਿਆਸੀ ਤੌਰ 'ਤੇ ਵੀ ਚੇਤੰਨ ਹੋ ਚੁੱਕੇ ਹਨ।
ਇਸ ਗੱਲਬਾਤ ਮੌਕੇ ਹਰਬੰਸ ਸਿੰਘ ਹਾਂਸ ਦੇ ਨਾਲ ਜੱਥੇਦਾਰ ਸੁਰਿੰਦਰਪਾਲ ਸਿੰਘ ਬਰਮੀ, ਰਣਜੀਤ ਸਿੰਘ ਰਾਏਕੋਟ, ਸ਼ਮਿੰਦਰ ਸਿੰਘ ਧਾਲੀਵਾਲ ਰਾਏਕੋਟ (ਮੱਲ੍ਹੇ ਵਾਲੇ)ਆਦਿ ਆਗੂ ਹਾਜ਼ਰ ਸਨ।