ਪ੍ਰਦੂਸ਼ਣ ਬੋਰਡ ਅਤੇ ਨਗਰ ਕੌਂਸਲ ਨੇ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜ਼ਲ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕਰਕੇ ਸਮਾਨ ਕੀਤਾ ਜ਼ਬਤ
- ਦੁਕਾਨਦਾਰ ਮੰਜ਼ੂਰਸ਼ੁਦਾ ਲਿਫਾਫੇ ਅਤੇ ਡਿਸਪੋਜ਼ਲ ਦਾ ਸਮਾਨ ਆਪਣੀਆਂ ਦੁਕਾਨਾਂ ਤੇ ਇਸਤੇਮਾਲ ਕਰਨ- ਐਸ.ਡੀ.ਓ ਰਵੀ ਸੂਰੀ
ਰੋਹਿਤ ਗੁਪਤਾ
ਫ਼ਤਿਹਗੜ੍ਹ ਚੂੜੀਆਂ (ਬਟਾਲਾ) , 19 ਫਰਵਰੀ 2025 - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਦੁਕਾਨਾਂ ਦੀ ਚੈਕਿੰਗ ਕਰਦਿਆਂ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜ਼ਲ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕਰਕੇ ਸਮਾਨ ਜ਼ਬਤ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਰਵੀ ਸੂਰੀ, ਐਸ.ਡੀ.ਓ ਪ੍ਰਦੂਸ਼ਣ ਬੋਰਡ ਬਟਾਲਾ ਨੇ ਕਿਹਾ ਕਿ ਵਿਭਾਗੀ ਹਦਾਇਤਾਂ ਅਨੁਸਾਰ ਫ਼ਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੁਕਾਨਾਂ ਦੀ ਚੈਕਿੰਗ ਕਰਕੇ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜ਼ਲ ਦਾ ਸਮਾਨ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਦੇ ਮਿਉਂਸੀਪਲ ਨਿਯਮਾਂ ਅਨੁਸਾਰ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦੁਕਾਨਦਾਰਾਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਹੈ, ਜੋ ਵਾਪਿਸ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਲਿਫਾਫੇ ਅਤੇ ਡਿਸਪੋਜ਼ਲ ਦਾ ਸਮਾਨ ਹੀ ਆਪਣੀਆਂ ਦੁਕਾਨਾਂ ਤੇ ਇਸਤੇਮਾਲ ਕਰਨ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਕਿਸੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ।
ਐਸ.ਡੀ.ਓ ਸੂਰੀ ਨੇ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਉਨ੍ਹਾਂ ਵੱਲੋਂ ਮੁੜ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਇਸ ਚੈਕਿੰਗ ਵਿੱਚ ਕੋਈ ਦੁਕਾਨਦਾਰ, ਰੇਹੜੀ ਜਾਂ ਫੜੀ ਵਾਲਾ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜ਼ਲ ਸਮਾਨ ਵੇਚਦਾ ਜਾਂ ਰੱਖਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਸਮਾਨ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਕਾਰਵਾਈ ਜਾਰੀ ਰਹੇਗੀ।
ਐਸ.ਡੀ.ਓ ਰਵੀ ਸੂਰੀ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਨ ਖ਼ਰੀਦ ਕਰਨ ਸਮੇਂ ਆਪਣੇ ਘਰ ਤੋਂ ਹੀ ਕੱਪੜੇ ਦਾ ਬੈਗ/ਥੈਲਾਂ ਨਾਲ ਲੈ ਕੇ ਜਾਣ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਭਨਾਂ ਦੇ ਸਾਥ ਨਾਲ ਬਚਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦਫ਼ਤਰ ਦੇ ਕਰਮਚਾਰੀ ਮੌਜੂਦ ਸਨ।