ਏਡੀਸੀ ਐਕਸ਼ਨ ਮੋਡ ਵਿੱਚ , ਦੇਰ ਸ਼ਾਮ ਬਾਜ਼ਾਰਾਂ ਵਿੱਚ ਨਿਕਲ ਕੇ ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਦੇ ਕਟਵਾਏ ਚਲਾਨ
- ਰੇਹੜੀਆਂ ਵਾਲਿਆਂ ਨੂੰ ਵੀ ਰੇਹੜੀਆਂ ਲਾਈਨ ਤੋਂ ਪਿੱਛੇ ਲਗਾਉਣ ਦਿੱਤੀਆਂ ਹਿਦਾਇਤਾਂ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 19 ਫਰਵਰੀ 2025 - ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਜ਼ਿਲ੍ਾ ਪ੍ਰਸ਼ਾਸਨ ਪੂਰੀ ਤਰਹਾਂ ਨਾਲ ਐਕਸ਼ਨ ਮੋਡ ਵਿੱਚ ਆ ਗਿਆ ਹੈ। ਦੇਰ ਸ਼ਾਮ ਏਡੀਸੀ ਜਰਨਲ ਹਰਜਿੰਦਰ ਸਿੰਘ ਬੇਦੀ ਆਪ ਬਾਜਾਰਾਂ ਵਿੱਚ ਨਿਕਲੇ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਬੁਲਾ ਕੇ ਸੜਕਾਂ ਦੇ ਕਿਨਾਰੇ ਦੁਕਾਨਾਂ ਦੇ ਬਾਹਰ ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕਟਵਾਏ ਅਤੇ ਰੇਹੜੀ ਵਾਲਿਆਂ ਨੂੰ ਵੀ ਹਿਦਾਇਤਾਂ ਦਿੱਤੀਆਂ ਕਿ ਆਪਣੀਆਂ ਰੇਹੜੀਆਂ ਸੜਕ ਤੇ ਲੱਗੀਆਂ ਯੈਲੋ ਅਤੇ ਵਾਈਟ ਲਾਈਨ ਦੇ ਪਿੱਛੇ ਲਗਾਉਣ।
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਏਡੀਸੀ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਹੈ ਕਿ ਉਹ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਪਰ ਸ਼ਹਿਰ ਦੀ ਟਰੈਫਿਕ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜਦੋਂ ਇਸ ਬਾਰੇ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਦੇ ਸੜਕਾਂ ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ ਤਾਂ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਸੀ ਕਿ ਗ੍ਰਾਹਕ ਉਹਨਾਂ ਦੀ ਦੁਕਾਨਾਂ ਅੱਗੇ ਪਾਰਕਿੰਗ ਕਰ ਜਾਂਦੇ ਹਨ ਅਤੇ ਦੁਕਾਨਦਾਰਾਂ ਦੀ ਗੱਲ ਨਹੀਂ ਮੰਨਦੇ । ਇਹ ਵੀ ਇੱਕ ਟਰੈਫਿਕ ਸਮੱਸਿਆ ਦਾ ਵੱਡਾ ਕਾਰਨ ਹੈ। ਜਿਸ ਤੋਂ ਬਾਅਦ ਅੱਜ ਉਹ ਆਪ ਸੜਕਾਂ ਤੇ ਨਿਕਲੇ ਹਨ ਅਤੇ ਨਜਾਇਜ਼ ਪਾਰਕਿੰਗ ਵਾਲਿਆਂ ਦੇ ਚਲਾਨ ਕਟਵਾਏ ਹਨ।
ਨਾਲ ਹੀ ਸੜਕ ਦੇ ਅੱਧ ਵਿਚਕਾਰ ਲੱਗੀਆਂ ਰੇਹੜੀਆਂ ਪਿੱਛੇ ਕਰਾ ਕੇ ਰੇਹੜੀ ਵਾਲਿਆਂ ਨੂੰ ਹਿਦਾਇਤ ਕੀਤੀ ਹੈ ਕਿ ਸੜਕ ਦੀ ਹੱਦ ਵਿੱਚ ਹੀ ਰੇਹੜੀਆਂ ਲਗਾਉਣ। ਉੱਥੇ ਹੀ ਦੁਕਾਨਦਾਰਾਂ ਨੂੰ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਪਤਾ ਲੱਗਿਆ ਹੈ ਕਿ ਕੁਝ ਦੁਕਾਨਦਾਰ ਰੇਹੜੀ ਵਾਲਿਆਂ ਕੋਲੋਂ ਪੈਸੇ ਲੈ ਕੇ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਲਗਵਾਉਣ ਦੇ ਪੈਸੇ ਲੈਂਦੇ ਹਨ। ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਦੁਕਾਨਦਾਰ ਕੋਲੋਂ ਮੋਟਾ ਜੁਰਮਾਨਾ ਵਸੂਲ ਕੀਤਾ ਜਾਵੇਗਾ। ਏਡੀਸੀ ਬੇਦੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।