ਰੱਬ ਦਾ ਇੱਕ ਰੂਪ ਇਹ ਵੀ……,!
———————————-
ਗੱਲ ਢੇਡ ਕੁ ਦਹਾਕੇ ਪੁਰਾਣੀ ਹੈ।ਇੱਕ ਦਿਨ ਸਕੂਲ ਚ ਖੜੇ ਖੜੇ ਅਚਾਨਕ ਮੇਰੇ ਢਿੱਡ ਚ ਜੋਰ ਦੀ ਦਰਦ ਹੋਣ ਲੱਗਾ।ਮੈਂ ਬੇਵੱਸ ਜੇਹਾ ਹੋ ਗਿਆ ।ਮੇਰੇ ਕੁਲੀਗ ਮੈਨੂੰ ਸ਼ਹਿਰ ਦੇ ਇੱਕ ਨਾਮੀ ਹਸਪਤਾਲ ਚ ਲੈ ਗਿਆ।ਡਾਕਟਰ ਨੇ ਚੈੱਕਅਪ ਕੀਤਾ ਤਾ ਅਪੈਂਡੈਕਸ ਦੀ ਸ਼ਕਾਇਤ ਨਿਕਲੀ।ਡਾਕਟਰ ਨੇ ਕਿਹਾ ਕੇ ਆਪ੍ਰੇਸ਼ਨ ਕਰਨਾ ਪਵੇਗਾ।ਮੈਂ ਇੱਕ ਦਮ ਡਰ ਗਿਆ।ਪਰ ਮੇਰੇ ਹਾਂ ਕਰਨ ਤੇ ਡਾਕਟਰ ਨੇ ਆਪ੍ਰੇਸ਼ਨ ਕਰ ਦਿੱਤਾ।ਉਸ ਹਸਪਤਾਲ ਚ ਅੱਗੇ ਹੋਰ ਡਾਕਟਰ ਹਾਇਰ ਕੀਤੇ ਹੋਏ ਸਨ। ਜੋ ਵੱਖ ਵੱਖ ਬਿਮਸਰੀਆਂ ਦੇ ਮਾਹਰ ਸਨ।ਮੇਰਾ ਅਪੈਂਡੈਕਸ ਦਾ ਅਪ੍ਰੇਸ਼ਨ ਵੀ ਸਾਡੇ ਸ਼ਹਿਰ ਦੇ ਸਿਵਲ ਹਸਪਤਾਲ ਤੋ ਸੇਵਾ ਮੁਕਤ ਹੋਏ ਡਾਕਟਰ ਵੱਲੋਂ ਕੀਤਾ ਗਿਆ ।ਆਪ੍ਰੇਸ਼ਨ ਠੀਕ ਠਾਕ ਹੋ ਗਿਆ। ਜਿਉਂ ਜਿਉਂ ਮੇਰੇ ਯਾਰਾਂ ਦੋਸਤਾਂ ਨੂੰ ਆਪ੍ਰੇਸ਼ਨ ਦਾ ਪਤਾ ਚਲਦਾ ਗਿਆ ਉਹ ਮੇਰਾ ਹਾਲ ਚਾਲ ਜਾਣਨ ਲਈ ਆਉਣ ਲੱਗੇ ।ਇੱਕ ਦਿਨ ਹਸਪਤਾਲ ਆਏ ਮੇਰੇ ਇੱਕ ਦੋਸਤ ਨਾਨਕ ਮਹਿਤਾ ਨੇ ਗੱਲਬਾਤ ਦੌਰਾਨ ਮੈਨੂੰ ਪੁੱਛਿਆ ਕਿ “ਤੁਸੀਂ ਕੋਈ ਹੈਲਥ ਪੋਲਸੀ ਵਗ਼ੈਰਾ ਨਹੀਂ ਕਾਰਵਾਈ? ਤਦ ਮੈਨੂੰ ਯਾਦ ਆਇਆ ਕੇ ਕੁਝ ਸਮਾਂ ਪਹਿਲਾਂ ਮੇਰੇ ਇੱਕ ਜਾਣਕਾਰ ਨੇ ਮੇਰੀ ਇੱਕ ਹੈਲਥ ਪਾਲਿਸੀ ਕੀਤੀ ਸੀ ।ਬਸ ਫਿਰ ਕੀ ਸੀ।ਮੈਂ ਹੈਲਥ ਇੰਸ਼ੋਰੰਸ ਕਾਰਡ ਵਾਲਾ ਕਾਰਡ ਘਰੋਂ ਮੰਗਵਾ ਲਿਆ।ਡਾਕਟਰ ਨੂੰ ਕਾਰਡ ਵਿਖਾਇਆ ਤਾਂ ਡਾਕਟਰ ਨੇ ਹੈਲਥ ਪਾਲਿਸੀ ਬਾਰੇ ਕੰਪਨੀ ਨੂੰ ਮੇਲ ਪਾ ਕੇ ਪ੍ਰਵਾਨਗੀ ਲੈ ਲਈ ।ਮੈਂ ਖੁਸ਼ ਹੋ ਗਿਆ ਕੇ ਹੁਣ ਮੇਰੇ ਇਲਾਜ਼ ਦਾ ਕੋਈ ਪੈਸਾ ਨਹੀਂ ਲੱਗੇਗਾ।ਹਸਪਤਾਲ ਵਿਚਲੇ ਮੈਡੀਕਲ ਸਟੋਰ ਵਾਲਿਆਂ ਨੇ ਮੇਰੇ ਤੋ ਪੈਸੇ ਲੈਣੇ ਬੰਦ ਕਰ ਦਿੱਤੇ।ਬਸ ਪਰਚੀ ਵਿਖਾਓ ਤੇ ਦਵਾਈ ਲੈ ਜਾਵੋ।ਮੈਨੂੰ ਲੱਗਾ ਕੇ ਹੈਲਥ ਪਾਲਿਸੀ ਦਾ ਤਾਂ ਫਾਇਦਾ ਹੀ ਬਹੁਤ ਹੈ।ਇਹ ਤਾ ਹਰ ਬੰਦੇ ਨੂੰ ਕਰਵਾਉਣੀ ਚਾਹੀਦੀ ਹੈ।ਚਲੋ ਖੈਰ! ਇਲਾਜ਼ ਚਲਦਾ ਰਿਹਾ । ਪਰ ਮੈਨੂੰ ਕੀ ਪਤਾ ਸੀ ਕੇ ਇਹੀ ਹੈਲਥ ਪਾਲਿਸੀ ਮੇਰੇ ਲਈ ਮੁਸੀਬਤ ਬਣ ਜਾਵੇਗੀ।ਹਫ਼ਤੇ ਕੁ ਵਕਫ਼ੇ ਮਗਰੋਂ ਮੇਰੀ ਸਿਹਤ ਚ ਸੁਧਾਰ ਹੋ ਗਿਆ ਤੇ ਮੈਂ ਡਾਕਟਰ ਕੋਲ ਹਸਪਤਾਲ ਵਿਚੋਂ ਘਰ ਜਾਣ ਵਾਸਤੇ ਛੁੱਟੀ ਮੰਗੀ ।ਕਿਉਂਕਿ ਮੈਨੂੰ ਲੱਗਾ ਕੇ ਹੁਣ ਮੈ ਬਿਲਕੁਲ ਤੁਰ ਫਿਰ ਸਕਦਾ ਹਾਂ।ਇਸ ਲਈ ਮੈਨੂੰ ਛੁੱਟੀ ਲੈ ਕੇ ਘਰ ਜਾਣਾ ਚਾਹੀਦਾ ਹੈ ਤਾ ਕੇ ਜਲਦੀ ਠੀਕ ਹੋ ਸਕਾਂ।ਕਿਉਂਕਿ ਹਸਪਤਾਲ ਚ ਮੇਰਾ ਦਿਲ ਅੱਕ ਚੁੱਕਾ ਸੀ। ਪਰ ਡਾਕਟਰ ਛੁੱਟੀ ਦੇਣ ਤੋ ਇਨਕਾਰ ਕਰ ਰਿਹਾ ਸੀ।ਮੈਨੂੰ ਸਮਝ ਨਹੀਂ ਆ ਰਹੀ ਸੀ ਕੇ ਡਾਕਟਰ ਛੁੱਟੀ ਕਿਉਂ ਨਹੀਂ ਦੇ ਰਿਹਾ।ਜਦ ਕੇ ਮੇਰੀ ਸਿਹਤ ਹੁਣ ਤਕ ਕਾਫੀ ਠੀਕ ਵੀ ਹੋ ਚੁੱਕੀ ਸੀ।ਇਸੇ ਦੌਰਾਨ ਇੱਕ ਦਿਨ ਮੈਂ ਹਸਪਤਾਲ ਦੇ ਕਮਰੇ ਤੋ ਬਾਹਰ ਬੈਠ ਕੇ ਧੁੱਪ ਸੇਕ ਰਿਹਾ ਸਾਂ ਤਾਂ ਆਪਣੇ ਕੋਲ ਬੈਠੇ ਇੱਕ ਮਰੀਜ਼ ਨੂੰ ਮੈਂ ਪੁੱਛਿਆ ਕੇ ਤੁਹਾਨੂੰ ਕੀ ਤਕਲੀਫ਼ ਹੈ ? ਤਾ ਉਸ ਨੇ ਦੱਸਿਆ ਕਿ ਮੇਰੇ ਪੇਟ ਚ ਕੱਲ ਥੋੜਾ ਦਰਦ ਹੋਇਆ ਸੀ।ਜੋ ਹੁਣ ਬਿਲਕੁਲ ਠੀਕ ਹੈ ਪਰ ਡਾਕਟਰ ਮੈਨੂੰ ਛੁੱਟੀ ਨਹੀਂ ਦੇ ਰਿਹਾ। ਕਾਰਨ ਪੁੱਛਿਆ ਤਾ ਉਸ ਦੱਸਿਆ ਕੇ ਡਾਕਟਰ ਹੈਲਥ ਪਾਲਿਸੀ ਵਾਲੇ ਮਰੀਜ਼ ਨੂੰ ਜਲਦੀ ਛੁੱਟੀ ਨਹੀਂ ਦਿੰਦਾ।ਸਗੋਂ ਪਾਲਿਸੀ ਦੇ ਸਾਰੇ ਪੈਸੇ ਪੂਰੇ ਹੋਣ ਪਿੱਛੋਂ ਹੀ ਘਰ ਭੇਜਦਾ ਹੈ।ਮੇਰੀ ਵੀ ਮਿਲ ਮਾਲਕਾਂ ਨੇ ਹੈਲਥ ਪਾਲਿਸੀ ਕਾਰਵਾਈ ਹੋਈ ਹੈ।ਬਸ ਫਿਰ ਕੀ ਸੀ !ਮੈਨੂੰ ਸਮਝ ਆ ਗਈ ਕੇ ਡਾਕਟਰ ਮੈਨੂੰ ਛੁੱਟੀ ਕਿਉਂ ਨਹੀਂ ਦੇ ਰਿਹਾ ?ਡਾਕਟਰ ਵੱਲੋਂ ਇਲਾਜ਼ ਦੌਰਾਨ ਮੇਰੇ ਕਈ ਟੈਸਟ ਅਜਿਹੇ ਕਰੇ ਗਏ।ਜਿੰਨਾ ਦੀ ਬਿਲਕੁਲ ਵੀ ਜਰੂਰਤ ਨਹੀਂ ਸੀ ।ਉਹ ਸਿਰਫ ਉਸ ਕਰਕੇ ਕੀਤੇ ਗਏ ਤਾਂ ਜੋ ਬੀਮਾ ਕੰਪਨੀ ਤੋ ਬੀਮੇ ਦੇ ਵਧ ਤੋ ਵਧ ਪੌਸੇ ਵਸੂਲੇ ਜਾ ਸਕਣ।ਪਤਾ ਲੱਗਣ ਉੱਤੇ ਜਦੋ ਮੈਂ ਛੁੱਟੀ ਵਾਸਤੇ ਜਿਆਦਾ ਜਿੱਦ ਕਰਨ ਲੱਗਾ ਡਾਕਟਰ ਕਹਿਣ ਲੱਗਾ ਕੇ ਇੱਕ ਆਖਰੀ ਟੈਸਟ ਰਹਿ ਗਿਆ।ਉਹ ਕਰਕੇ ਛੁੱਟੀ ਕਰ ਦਿੰਦੇ ਹਾਂ।ਡਾਕਟਰ ਵੱਲੋਂ ਮੈਨੂੰ ਸਿਟੀ ਸਕੈਨ ਦਾ ਟੈਸਟ ਕਰਵਾਉਣ ਲਈ ਕਿਹਾ ਗਿਆ ।ਜਿਸਦਾ ਕੇ ਮੇਰੇ ਆਪ੍ਰੇਸ਼ਨ ਜਾਂ ਬੀਮਾਰੀ ਨਾਲ ਕੋਈ ਸਰੋਕਾਰ ਨਹੀਂ ਸੀ।ਪਰ ਮੈਨੂੰ ਡਾਕਟਰ ਦੀ ਗੱਲ ਸਮਝਣ ਚ ਬਿਲਕੁਲ ਵੀ ਦੇਰ ਨਾ ਲੱਗੀ ।ਕਿਉਂਕਿ ਮੇਰੀ ਹੈਲਥ ਪਾਲਿਸੀ ਇੱਕ ਲੱਖ ਦੀ ਤੇ ਉਸ ਵਿਚ ਅਜੇ ਦਸ ਹਾਜ਼ਰ ਰਹਿੰਦੇ ਸਨ। ਮੈਂ ਹੈਰਾਨ ਰਹਿ ਗਿਆ ਜਦੋ ਡਾਕਟਰ ਨੇ 95ਹਾਜ਼ਰ ਦੇ ਬਿੱਲ ਉੱਤੇ ਮੇਰੇ ਦਸਤਖ਼ਤ ਕਰਵਾਏ।ਉਹ ਆਪ੍ਰੇਸ਼ਨ ਜੋ 15-20ਹਜ਼ਾਰ ਚ ਹੋਣ ਵਾਲਾ ਸੀ।ਡਾਕਟਰ ਨੇ ਬੀਮਾ ਕੰਪਨੀ ਤੋਂ ਉਸਦੇ 95ਹਜ਼ਾਰ ਵਸੂਲ ਲਏ।ਹਸਪਤਾਲ ਤੋਂ ਡਿਸਚਾਰਜ ਹੋਣ ਮਗਰੋਂ ਘਰ ਪਰਤਦੇ ਵਕਤ ਮੈਂ ਸੋਚ ਰਿਹਾ ਸਾਂ ਕੇ ਡਾਕਟਰ ਤਾਂ ਰੱਬ ਦਾ ਰੂਪ ਹੁੰਦੇ ਹਨ ਜਾਂ ਫਿਰ……! ਜੋ ਬੀਮਾ ਕੰਪਨੀਆਂ ਨਾਲ ਤਾਂ ਧੋਖਾ ਕਰਦੇ ਹੀ ਹਨ ਨਾਲ ਹੀ ਆਪਣੇ ਲਾਲਚ ਵਸ ਮਰੀਜ਼ਾਂ ਦੇ ਬੇਲੋੜੇ ਟੈਸਟ ਕਰਕੇ ਉਨ੍ਹਾਂ ਦੀ ਸਿਹਤ ਨਾਲ ਵੀ ਖਲਵਾੜ ਕਰਦੇ ਹਨ।ਮੈਨੂੰ ਉਸ ਦਿਨ ਪਤਾ ਲੱਗਾ ਕੇ ਡਾਕਟਰਾਂ ਦਾ ਇੱਕ ਰੂਪ ਇਹ ਵੀ ਹੁੰਦੈ ।
ਲੈਕਚਰਾਰ ਅਜੀਤ ਖੰਨਾ
ਮੋਬਾਈਲ 76967 54669

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.