ਜਲੰਧਰ ਦਿਹਾਤੀ ਪੁਲਿਸ ਵਲੋਂ 4.8 ਕਿਲੋ ਗਾਂਜੇ ਸਮੇਤ ਲੇਡੀ ਨਸ਼ਾ ਤਸਕਰ ਗ੍ਰਿਫ਼ਤਾਰ
ਜਲੰਧਰ, 16 ਫਰਵਰੀ 2025 - ਨਸ਼ਾ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਮਕਸੂਦਾਂ ਖੇਤਰ ਵਿੱਚ 4.8 ਕਿਲੋ ਗਾਂਜਾ ਸਮੇਤ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਫੜੀ ਗਈ ਮਹਿਲਾ ਦੀ ਪਛਾਣ ਸ਼ਿਵਾਨੀ ਕੁਮਾਰੀ ਪਤਨੀ ਸ਼ਾਹਿਦ ਅਬਦੁਲ (ਵਾਸੀ ਨਵਾਬਗੰਜ, ਜ਼ਿਲ੍ਹਾ ਕਟਿਆਰ, ਬਿਹਾਰ ਅਤੇ ਮੌਜੂਦਾ ਵਾਸੀ ਨੇੜੇ ਰੇਲਵੇ ਸਟੇਸ਼ਨ ਕਪੂਰਥਲਾ ਰੋਡ, ਕਰਤਾਰਪੁਰ) ਵਜੋਂ ਹੋਈ ਹੈ।
ਐਸ.ਐਸ.ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਐਸਪੀ ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਅਤੇ ਡੀਐਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਸਬ-ਇੰਸਪੈਕਟਰ ਬਲਬੀਰ ਸਿੰਘ ਐਸਐਚਓ ਮਕਸੂਦਾਂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪੁਲਿਸ ਟੀਮ ਨੇ ਅਮਾਨਤਪੁਰ ਖੇਤਰ ਦੇ ਪਿੰਡ ਸਰਾਇਖਾਸ ਵਿੱਚ ਇਕ ਮਹਿਲਾ ਨੂੰ ਰੋਕਿਆ ਜੋ ਇੱਕ ਸ਼ੱਕੀ ਪਲਾਸਟਿਕ ਬੈਗ ਲੈ ਕੇ ਜਾ ਰਹੀ ਸੀ। ਤਲਾਸ਼ੀ ਲੈਣ 'ਤੇ, ਉਸਦੇ ਕਬਜ਼ੇ ਵਿੱਚੋਂ 4.8 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ।
ਐਨਡੀਪੀਐਸ ਐਕਟ ਦੀ ਧਾਰਾ 20, 61 ਅਤੇ 85 ਦੇ ਤਹਿਤ ਪੁਲਿਸ ਸਟੇਸ਼ਨ ਮਕਸੂਦਾਂ ਵਿਖੇ (ਐਫਆਈਆਰ ਨੰਬਰ 30 ਮਿਤੀ 15.02.2025) ਕੇਸ ਦਰਜ ਕੀਤਾ ਗਿਆ ਹੈ। ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਨੂੰ ਪੁਲਿਸ ਰਿਮਾਂਡ ਦੀ ਮੰਗ ਲਈ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਐਸਐਸਪੀ ਖੱਖ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਿਸ ਟੀਮ ਦਾ ਉਦੇਸ਼ ਪੂਰੀ ਡਰੱਗ ਸਪਲਾਈ ਚੇਨ ਦਾ ਪਰਦਾਫਾਸ਼ ਕਰਨਾ ਹੈ। ਟੀਮ ਨੂੰ ਜਾਂਚ ਦੌਰਾਨ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਸਮਾਜ ਵਿੱਚੋਂ ਨਸ਼ੇ ਨੂੰ ਜੜੋਂ ਖ਼ਤਮ ਕਰਨ ਲਈ ਵਚਨਬੱਧ ਹੈ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।