ਗੁਰੂ ਘਰ ਨੂੰ ਕਦੇ ਵੀ ਸਿਆਸਤ ਵਜੋਂ ਪ੍ਰਯੋਗ ਕਰਨਾ ਠੀਕ ਨਹੀਂ - ਰਾਣਾ ਇੰਦਰ ਪ੍ਰਤਾਪ
* ਝੂਠੇ ਬੰਦੇ ਹੀ ਗੁਰੂ ਘਰਾਂ ਵਿੱਚ ਝੂਠੀਆਂ ਸੁਹਾਂ ਖਾਂਦੇ, ਸੱਚੇ ਕਦੇ ਵੀ ਨਹੀਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਫਰਵਰੀ, 2025: ਗੁਰੂ ਘਰ ਹਮੇਸ਼ਾਂ ਮੱਥਾ ਟੇਕਣ ਲਈ ਹੁੰਦੇ ਹਨ ,ਸ਼ੁਕਰਾਨੇ ਲਈ ਹੁੰਦੇ ਹਨ ਨਾ ਕਿ ਸਿਆਸਤ ਲਈ ਅਤੇ ਜੋ ਵਿਅਕਤੀ ਗੁਰੂ ਘਰ ਜਾ ਕੇ ਅਜਿਹਾ ਕਰਦਾ ਹੈ ਇਸ ਤੋਂ ਉੱਪਰ ਹੋਰ ਕੋਈ ਝੂਠਾ ਇਨਸਾਨ ਨਹੀਂ ਹੁੰਦਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਜਾ ਕੇ ਰਿਸ਼ਵਤ ਨਾ ਖਾਣ ਦੇ ਮਾਮਲੇ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸੁੰਹ ਚੁੱਕਣ ਦੇ ਕੀਤੇ ਚੈਲੇੰਜ ਦੇ ਮਾਮਲੇ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਹੇ। ਉਹਨਾਂ ਕਿਹਾ ਕਿ ਝੂਠਾ ਵਿਅਕਤੀ ਹੀ ਹਮੇਸ਼ਾਂ ਗੁਰੂ ਘਰ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨਾ ਚਾਹੁੰਦਾ ਹੈ ਪ੍ਰੰਤੂ ਸੱਚਾਈ ਸਾਰੀ ਲੋਕਾਂ ਦੇ ਸਾਹਮਣੇ ਆ ਹੀ ਜਾਂਦੀ ਹੈ।
ਉਹਨਾਂ ਕਿਹਾ ਕਿ ਅਜਿਹੀ ਝੂਠੀ ਸੁੰਹ ਖਾਣ ਵਾਲੇ ਨੂੰ ਤਾਂ ਵਾਹਿਗੁਰੂ ਵੀ ਨਹੀਂ ਬਖਸ਼ਦਾ ਅਤੇ ਸਾਰਾ ਲੇਖਾ ਜੋਖਾ ਇੱਥੇ ਧਰਤੀ ਤੇ ਹੀ ਦੇਣਾ ਪੈਂਦਾ ਹੈ। ਉਹਨਾਂ ਸਵਾਲ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੋਂ ਪੁੱਛਿਆ ਜਦੋਂ ਉਨਾਂ ਦੀ ਪਾਰਟੀ ਦੇ ਹੀ ਵਲੰਟੀਅਰ ਗੁਰਦੁਆਰਾ ਬੇਰ ਸਾਹਿਬ ਜਾ ਕੇ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਸਨ ਤਾਂ ਉਨਾਂ ਦੇ ਮੋਬਾਈਲ ਤੁਹਾਡੇ ਵਰਕਰਾਂ ਨੇ ਕਿਉਂ ਖੋਹ ਲਏ ਜੇ ਉਹਨਾਂ ਨੇ ਸੱਚੇ ਸਾਬਤ ਹੋਣ ਲਈ ਸੁੰਹ ਚੁੱਕ ਹੀ ਲਈ ਸੀ ਤਾਂ ਫਿਰ ਆਪਣੇ ਵਲੰਟੀਅਰਾਂ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ। ਉਹਨਾਂ ਕਿਹਾ ਕਿ ਝੂਠੀ ਸੁੰਹ ਖਾਣ ਤੇ ਕੋਈ ਵਿਅਕਤੀ ਸਾਫ ਨਹੀਂ ਹੋ ਜਾਂਦਾ ਬਲਕਿ ਸੁੰਹ ਇਸ ਗੱਲ ਦੀ ਖਾਣ ਦੀ ਜਰੂਰਤ ਇਹ ਨਹੀਂ ਕਿ ਮੈਂ ਪੈਸੇ ਨਹੀਂ ਖਾਦੇ, ਇਸ ਗੱਲ ਦੀ ਹੈ ਕਿ ਮੈਂ ਸੁਲਤਾਨਪੁਰ ਲੋਧੀ ਵਿੱਚ ਆਮ ਪਾਰਟੀ ਸਰਕਾਰ ਦਾ ਹਲਕਾ ਇੰਚਾਰਜ ਹਾਂ ਤੇ ਮੈਂ ਕਿਸੇ ਵੀ ਵਿਅਕਤੀ ਦੀ ਲੁੱਟ ਖਸੁੱਟ ਨਹੀਂ ਹੋਣ ਦੇਵਾਂਗਾ। ਉਹਨਾਂ ਕਿਹਾ ਕਿ ਤੁਹਾਡੇ ਵਲੰਟੀਅਰ ਵੀਡੀਓ ਰਾਹੀਂ ਇਹ ਦੋਸ਼ ਲਗਾ ਰਹੇ ਹਨ ਕਿ ਹਰੇਕ ਵਿਭਾਗ ਵਿੱਚ ਲੁੱਟ ਕਸੁੱਟ ਹੋ ਰਹੀ ਹੈ।
ਤੁਸੀਂ ਪੰਜਾਬ ਪੁਲਿਸ ਦੇ ਇੱਕ ਵੱਡੇ ਕਾਬਲ ਅਫਸਰ ਰਹੇ ਹੋ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਮੇਰੇ ਹਲਕੇ ਵਿੱਚ ਪਾਰਟੀ ਦੇ ਨਾਂ ਤੇ ਕੌਣ ਰਿਸ਼ਵਤ ਜਾਂ ਭ੍ਰਿਸ਼ਟਾਚਾਰ ਕਰ ਰਿਹਾ ਹੈ। ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਕਿਹਾ ਕਿ ਜੋ ਲੀਡਰ ਪੰਜ ਸਾਲ ਪਹਿਲਾਂ ਬਜਰੀ ਚੁੱਕ ਕੇ ਵੀਡੀਓ ਰਾਹੀਂ ਇਹ ਦੱਸ ਰਿਹਾ ਸੀ ਕਿ ਇਸ ਵਿੱਚ ਮਟੀਰੀਅਲ ਕਿੰਨਾ ਹੈ ਉਸ ਦੇ ਕੋਲੋਂ ਹੁਣ ਸਰਕਾਰ ਬਣਨ ਦੇ ਉਪਰੰਤ ਤਿੰਨ ਸਾਲਾਂ ਵਿੱਚ ਵੀ ਕੋਈ ਜਾਂਚ ਕਿਉਂ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਮੈਂ ਪਹਿਲਾ ਸਿਆਸਤਦਾਨ ਵੇਖਿਆ ਅੱਜ ਤੱਕ ਜਿਹੜਾ ਖੇਡਾਂ ਦੇ ਨਾਮ ਤੇ ਕਰਵਾਏ ਜਾਂਦੇ ਟੂਰਨਾਮੈਂਟ ਤੇ ਪੈਸੇ ਇਕੱਠੇ ਕਰਦਾ ਹੋਵੇ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੁਲਤਾਨਪੁਰ ਲੋਧੀ ਦੀ ਅਜਿਹੀ ਕੋਈ ਵੀ ਦਾਣਾ ਮੰਡੀ, ਰਾਈਸ ਮਿਲਰ ,ਆੜਤੀਏ ਤੇ ਮੁਹਤਬਰ ਵਿਅਕਤੀ ਨਹੀਂ ਛੱਡੇ ਜਿਨਾਂ ਤੋਂ ਟੂਰਨਾਮੈਂਟ ਦੀ ਪਰਚੀ ਨਹੀਂ ਕਟਵਾਈ ਗਈ ਹੋਵੇ। ਉਹਨਾਂ ਕਿਹਾ ਕਿ ਇਹਨਾਂ ਇਕੱਠੇ ਕੀਤੇ ਪੈਸਿਆਂ ਦਾ ਅੱਜ ਤੱਕ ਕਿਸੇ ਨੂੰ ਵੀ ਹਿਸਾਬ ਕਿਉਂ ਨਹੀਂ ਦਿੱਤਾ।
ਉਹਨਾਂ ਕਿਹਾ ਕਿ ਹਮੇਸ਼ਾਂ ਕਿਰਦਾਰ ਦੀ ਲੋੜ ਹੈ ਨਾ ਕਿ ਸੁੰਹਾਂ ਖਾਣ ਦੀ, ਜੇ ਅਸੀਂ ਆਪਣਾ ਕਿਰਦਾਰ ਉੱਚਾ ਚੁੱਕ ਲਈਏ ਤਾਂ ਝੂਠੀਆਂ ਸੁੰਹਾਂ ਖਾਣ ਦੀ ਲੋੜ ਹੀ ਨਹੀਂ ਪੈਂਦੀ। ਵਿਧਾਇਕ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਗੁਰੂ ਘਰ ਵਿੱਚ ਜਾ ਕੇ ਕਿਉਂ ਸੁੰਹ ਖਾਣ ਉਹਨਾਂ ਕਿਹਾ ਕਿ ਨਾ ਕਦੇ ਉਹਨਾਂ ਪਹਿਲਾਂ ਅਜਿਹੇ ਕੋਈ ਸੁੰਹ ਖਾਦੀ ਹੈ ਤੇ ਨਾ ਹੀ ਖਾਣਗੇ। ਇਹ ਝੂਠੇ ਬੰਦੇ ਹੀ ਸਨ ਜੋ ਸੁੰਹ ਖਾਂਦੇ ਹਨ ਸੱਚੇ ਨਹੀਂ ।ਰਿਸ਼ਵਤ ਦੇ ਮਾਮਲੇ ਦੇ ਲਗਾਏ ਦੋਸ਼ਾਂ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਕਦੇ ਵੀ ਸਬੂਤਾਂ ਤੋਂ ਬਗੈਰ ਕਿਸੇ ਤੇ ਵੀ ਦੋਸ਼ ਨਹੀਂ ਲਗਾਉਂਦੇ ਤੇ ਸਮਾਂ ਆਉਣ ਤੇ ਸਾਰੇ ਸਬੂਤ ਵੀ ਪੇਸ਼ ਕਰ ਦਿੱਤੇ ਜਾਣਗੇ।
ਸ਼ਹਿਰ ਵਿੱਚ ਹੋ ਰਹੇ ਵਿਕਾਸ ਦੇ ਸੰਬੰਧ ਵਿੱਚ ਉਹਨਾਂ ਕਿਹਾ ਕਿ ਕੋਈ ਵਿਅਕਤੀ ਸੱਜਣ ਸਿੰਘ ਚੀਮਾ ਦੇ ਕੋਲੋਂ ਇਹ ਪੁੱਛੇ ਕਿ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਉਹ ਕਦੇ ਚੰਡੀਗੜ੍ਹ ਵਿਖੇ ਕਿਸੇ ਸਰਕਾਰੀ ਦਫਤਰ ਦੀਆਂ ਪੌੜੀਆਂ ਵੀ ਚੜੇ ਹੋਣ। ਉਹਨਾਂ ਕਿਹਾ ਕਿ ਇਹ ਵਿਅਕਤੀ ਤਾਂ ਕਦੇ ਆਰਸੀਐਫ ਤੋਂ ਅੱਗੇ ਟੱਪਿਆ ਨਹੀਂ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਜਲਦੀ ਹੀ ਸਾਰੇ ਮੁਕੰਮਲ ਕਰ ਲਏ ਜਾਣਗੇ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੀ ਸਾਡੇ ਉਮੀਦਵਾਰ ਆਜ਼ਾਦ ਤੌਰ ਤੇ ਲੜਨਗੇ ਤੇ ਪਾਰਟੀ ਨਿਸ਼ਾਨ ਤੇ ਨਹੀਂ ।