ਘਰੇਲੂ ਕਲੇਸ਼ ਕਾਰਨ ਪਿਓ ਵੱਲੋਂ ਗੋਲੀ ਮਾਰ ਕੇ ਆਪਣੇ ਇਕਲੌਤੇ ਪੁੱਤਰ ਦਾ ਕਤਲ
ਅਸ਼ੋਕ ਵਰਮਾ
ਸੰਗਤ ਮੰਡੀ, 16 ਫਰਵਰੀ 2025: ਬਠਿੰਡਾ ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਅੱਜ ਇੱਕ ਪਿਓ ਵੱਲੋਂ ਆਪਣੇ ਇਕਲੌਤੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ। ਰਿਸ਼ਤਿਆਂ ਦੇ ਇਸ ਬੇਰਹਿਮੀ ਨਾਲ ਹੋਏ ਕਤਲ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਸੀ ਸੁਖਵਿੰਦਰ ਸਿੰਘ ਉਰਫ਼ ਡਿੰਪੀ ਪੁੱਤਰ ਮਿੱਠੂ ਸਿੰਘ ਦਾ ਆਪਣੇ ਪਰਿਵਾਰ ਨਾਲ ਘਰੇਲੂ ਝਗੜਾ ਚੱਲਦਾ ਆ ਰਿਹਾ ਸੀ।
ਉਹਨਾਂ ਦੱਸਿਆ ਕਿ ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਉਸ ਦੇ ਪੁੱਤਰ ਅਰਸ਼ਦੀਪ ਸਿੰਘ (40) ਦੀ ਪਰਿਵਾਰਿਕ ਮੈਂਬਰਾਂ ਨਾਲ ਤਕਰਾਰ ਹੋ ਗਈ। ਇਸ ਦੌਰਾਨ ਸੁਖਵਿੰਦਰ ਸਿੰਘ ਉਰਫ਼ ‘ਡਿੰਪੀ’ ਨੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਲਈ ਹਵਾਈ ਫਾਇਰ ਵੀ ਕੀਤੇ। ਪਿੰਡ ਵਾਸੀਆਂ ਨੇ ਇੱਕ ਵਾਰ ਮਾਮਲਾ ਸ਼ਾਂਤ ਕਰਵਾ ਦਿੱਤਾ ਪਰ ਸਵੇਰ ਹੁੰਦਿਆਂ ਜਦੋਂ ਪਰਿਵਾਰਿਕ ਮੈਂਬਰਾਂ ਨੇ ਘਰ ਦੇ ਕਮਰੇ ’ਚ ਮੌਜੂਦ ‘ਡਿੰਪੀ’ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਉਹ ਟੈਸਟ ਆ ਗਿਆ ਤੇ ਆਪਣੀ ਲਾਈਸੈਂਸ ਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ ਜੋ ਉਸਦੇ ਇਕਲੌਤੇ ਪੁੱਤਰ ਅਰਸ਼ਦੀਪ ਦੇ ਜਾ ਲੱਗੀ। ਗੰਭੀਰ ਜ਼ਖਮੀ ਅਰਸ਼ਦੀਪ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦਿਨ ਚੜ੍ਹਦੇ ਸਾਰ ਜਦੋਂ ਪਿੰਡ ਵਿੱਚ ਇਸ ਅਣਹੋਣੀ ਦਾ ਪਤਾ ਲੱਗਾ ਤਾਂ ਹਰ ਪਾਸੇ ਸੋਗ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਨੇ ਦੱਸਿਆ ਦੱਸਿਆ ਕਿ ਮ੍ਰਿਤਕ ਨੌਜਵਾਨ ਪਿੰਡ ਦੀ ਸਹਿਕਾਰੀ ਸਭਾ ਦਾ ਮੁਲਾਜ਼ਮ ਅਤੇ ਮਿਲਣਸਾਰ ਸੁਭਾਅ ਦਾ ਹੋਣ ਕਾਰਨ ਚੰਗਾ ਅਸਰ ਰਸੂਖ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਆਪਣੇ ਇਕਲੌਤੇ ਪੁੱਤ ਦੇ ਕਤਲ ਦੇ ਮਾਮਲੇ ’ਚ ਜੇਲ੍ਹ ਚਲਾ ਜਾਵੇਗਾ ਅਤੇ ਘਰ ’ਚ ਪਿੱਛੇ ਉਸ ਦੀ ਪਤਨੀ, ਦੋ ਧੀਆਂ, ਮਾਂ ਅਤੇ ਦਾਦੀ ਹੀ ਰਹਿ ਜਾਣਗੀਆਂ। ਉਨ੍ਹਾਂ ਕਿਹਾ ਕਿ ਪਰਿਵਾਰਕ ਝਗੜੇ ਕਾਰਨ ਹੱਸਦੇ ਵੱਸਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸੰਗਤ ਦੇ ਮੁਖੀ ਪਰਮਪਾਰਸ ਸਿੰਘ ਚਹਿਲ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਸੁਖਵਿੰਦਰ ਸਿੰਘ ਉਰਫ਼ ਡਿੰਪੀ (58) ਪੁੱਤਰ ਮਿੱਠੂ ਸਿੰਘ ਨੇ ਅੱਜ ਸਵੇਰੇ ਘਰੇਲੂ ਕਲੇਸ਼ ਦੇ ਚਲਦੇ ਆਪਣੇ ਪੁੱਤਰ ਅਰਸ਼ਦੀਪ ਸਿੰਘ ਨੂੰ ਘਰ ਵਿੱਚ ਹੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਤਨੀ ਹਰਪਿੰਦਰ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਉਸ ਦੇ ਸਹੁਰੇ ਸੁਖਵਿੰਦਰ ਸਿੰਘ ਉਰਫ਼ ਡਿੰਪੀ ਪੁੱਤਰ ਮਿੱਠੂ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।