ਆਓ....! ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈੰਪਲ ਕਹਿਣਾ ਬੰਦ ਕਰੀਏ : ਸ਼ੁਕਰਗੁਜ਼ਾਰ, ਢਿੱਲੋਂ
ਸਫ਼ਲ ਹੋ ਜਾਵੇਗਾ ਮਾਤ ਭਾਸ਼ਾ ਦਿਵਸ ਮਨਾਉਣਾ-
ਸ਼ਾਇਰਾ ਰਮਿੰਦਰ ਵਾਲੀਆ ਹੋਏ ਰੂਬਰੂ ਤੇ ਸਨਮਾਨਿਤ
ਤਰਨ-ਤਾਰਨ : ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰ ਕੇੰਦਰ ਤਰਨ-ਤਾਰਨ ਅਤੇ ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਵੱਲੋਂ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ, ਜੋ 21 ਫਰਵਰੀ ਨੂੰ ਮਨਾਇਆ ਜਾਂਦਾ ਹੈ, ਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਦੇ ਸੰਦਰਭ ਤੋਂ ਇੱਕ ਸਾਂਝਾ ਸਾਹਿਤਕ ਸਮਾਗਮ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਤਰਨ ਤਾਰਨ ਵਿਖੇ ਕਰਵਾਇਆ ਗਿਆ।
ਸਮਾਗਮ ਦੌਰਾਨ ਭਾਰਤੀ ਦੌਰੇ 'ਤੇ ਕੈਨੇਡਾ ਵਸਨੀਕ ਸ਼ਾਇਰਾ ਰਮਿੰਦਰ ਕੌਰ ਵਾਲੀਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਮੌਜੂਦ ਸਾਹਿਤਕਾਰਾਂ ਦੇ ਵੱਲੋਂ ਪੰਜਾਬੀ ਮਾਂ ਬੋਲੀ ਦੇ ਸੰਦਰਭ ਤੋਂ ਪੁੱਛੇ ਸਵਾਲਾਂ ਦਾ ਜਵਾਬ ਦੇਂਦਿਆਂ ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਵਰਤਮਾਨ ਤੇ ਭਵਿੱਖ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੇ ਪੰਜਾਬੀ ਸਾਹਿਤ ਦੇ ਖੇਤਰ ਵਿਚਲੇ ਸਫ਼ਰ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਛੋਹਿਆ।
ਸਮਾਗਮ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੌਰਾਨ ਜਸਵਿੰਦਰ ਸਿੰਘ ਢਿੱਲੋਂ (ਪ੍ਰਧਾਨ ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰ ਕੇੰਦਰ ਤਰਨ ਤਾਰਨ), ਬਲਬੀਰ ਸਿੰਘ ਭੈਲ, ਕੀਰਤ ਪ੍ਰਤਾਪ ਪੰਨੂੰ, ਡਾਕਟਰ ਜੋਬਨਜੀਤ ਸਿੰਘ ,ਮਨਦੀਪ ਰਾਜਨ, ਮਨਜੀਤ ਕੌਰ ਪਹੁਵਿੰਡ, ਮਲਕੀਅਤ ਸਿੰਘ 'ਸੋਚ' ਪੱਟੀ, ਰਾਜਬੀਰ ਸਿੰਘ ਕੈਨੇਡਾ, ਗੁਰਜੀਤ ਸਿੰਘ ਭਲੂਰ, ਗੁਲਜ਼ਾਰ ਸਿੰਘ ਖੇੜਾ, ਬਲਬੀਰ ਸਿੰਘ ਬੇਲੀ , ਬਲਬੀਰ ਸਿੰਘ ਲਹਿਰੀ,ਹਰਿਕੀਰਤ ਸਿੰਘ, ਅਵਤਾਰ ਸਿੰਘ ਗੋਇੰਦਵਾਲ, ਦੀਦਾਰ ਸਿੰਘ ਲਾਇਬਰੇਰੀਅਨ, ਅਜੀਤ ਸਿੰਘ ਨਬੀਪੁਰ,ਅਮਰ ਜੋਤੀ ਮਾਂਗਟ, ਜਸਵਿੰਦਰ ਸਿੰਘ ਮਾਣੋਚਾਹਲ, ਗੁਰਵਿੰਦਰ ਸਿੰਘ, ਹਰਦਰਸ਼ਨ ਸਿੰਘ ਕਮਲ, ਕਾਮਰੇਡ ਚਰਨ ਸਿੰਘ, ਗੁਰਚਰਨ ਸਿੰਘ ਸਭਰਾ, ਮਾਸਟਰ ਸਕੱਤਰ ਸਿੰਘ ਤੇਜਾ ਸਿੰਘ ਵਾਲਾ,ਬਲਵਿੰਦਰ ਕੌਰ ਸਰਘੀ ਸੁਖਵਿੰਦਰ ਸਿੰਘ ਖਾਰਾ ,ਹਰਭਜਨ ਸਿੰਘ ਭਗਰੱਥ,ਮਲਕੀਤ ਸਿੰਘ ਫ਼ੌਜੀ,ਆਦਿ ਨੇ ਆਪਣੀਆਂ ਕਵਿਤਾਵਾਂ ਰਾਹੀਂ ਮਾਂ-ਬੋਲੀ ਪੰਜਾਬੀ ਨੂੰ ਆਪਣੀ ਇਬਾਦਤ ਭੇਂਟ ਕੀਤੀ। ਸਟੇਜ ਸਕੱਤਰ ਦੀ ਸੇਵਾ ਜਸਵਿੰਦਰ ਸਿੰਘ ਢਿੱਲੋਂ, ਕੀਰਤ ਸਿੰਘ ਤੇ ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਪ੍ਰਧਾਨ ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਨੇ ਸਾਂਝੇ ਰੂਪ ਵਿੱਚ ਕੀਤੀ।
ਅਖੀਰ ਵਿੱਚ ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਅਤੇ ਜਸਵਿੰਦਰ ਸਿੰਘ ਢਿੱਲੋਂ ਨੇ ਇੱਕ ਸੁਨੇਹਾ ਦੇਂਦਿਆਂ ਕਿਹਾ ਕਿ ਜੇਕਰ ਅਸੀਂ, ਸਾਡੇ ਬਜ਼ੁਰਗ, ਸਾਡੇ ਬੱਚੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈੰਪਲ ਕਹਿਣਾ ਬੰਦ ਕਰ ਦੇਣ, ਤਾਂ ਮਾਤ ਭਾਸ਼ਾ ਦਿਵਸ ਮਨਾਉਣਾ ਸਫ਼ਲ ਹੋ ਜਾਵੇਗਾ। ਧੰਨਵਾਦ ਸਹਿਤ ।