ਪੰਜਾਬੀ ਯੂਨੀਵਰਸਿਟੀ ਵਿਖੇ ਫਾਰਮੇਸੀ ਕਾਨਫ਼ਰੰਸ ਦੇ ਦੂਜੇ ਦਿਨ ਮਾਹਰਾਂ ਵੱਲੋਂ ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਹੋਰ ਵਿਸ਼ਿਆਂ 'ਤੇ ਵਿਚਾਰ ਚਰਚਾ
ਪਟਿਆਲਾ, 15 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਦੇ ਫਾਰਮਿਊਸਟੀਕਲ ਅਤੇ ਡਰੱਗ ਰਿਸਰਚ ਵਿਭਾਗ ਵੱਲੋਂ ਕਰਵਾਈ ਜਾ ਰਹੀ ਤਿੰਨ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਦੂਜੇ ਦਿਨ ਚੱਲੇ ਅਕਾਦਮਿਕ ਸੈਸ਼ਨਾਂ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ ਸਣੇ ਹੋਰ ਵਿਸ਼ਿਆਂ ਉੱਤੇ ਮਾਹਿਰਾਂ ਨੇ ਗੰਭੀਰ ਵਿਚਾਰ ਚਰਚਾ ਕੀਤੀ।
ਵਿਭਾਗ ਮੁਖੀ ਪ੍ਰੋ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਐਸੋਸੀਏਸ਼ਨ ਆਫ਼ ਫਾਰਮਿਉਸਟੀਕਲ ਟੀਚਰਜ਼ ਆਫ਼ ਇੰਡੀਆ (ਏ.ਪੀ.ਟੀ.ਆਈ.) ਦੀ ਪੰਜਾਬ ਸਟੇਟ ਬਰਾਂਚ ਅਤੇ ਵਿਮੈਨ ਫ਼ੋਰਮ ਤੋਂ ਇਲਾਵਾ ਬਾਇਓਇਨਫਰਮੈਟਿਕ ਸੋਸਾਇਟੀ ਆਫ਼ ਸਿਚੂਅਨ ਪ੍ਰੋਵਿੰਸ ਚਾਈਨਾ (ਬੀ.ਆਈ.ਐੱਸ. ਐੱਸ. ਸੀ.) ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਦੇ ਦੂਜੇ ਦਿਨ ਸਾਇੰਸ ਆਡੀਟੋਰੀਅਮ ਵਿਖੇ ਹੋਏ ਟੈਕਨੀਕਲ ਸੈਸ਼ਨ ਵਿੱਚ ਮਾਹਿਰਾਂ ਵੱਲੋਂ ਆਪਣੇ ਵਿਚਾਰ ਪ੍ਰਗਟਾਏ ਗਏ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸੰਸਾਰ ਭਰ ਵਿੱਚ ਤਕਨਾਲੌਜੀ ਅਤੇ ਵਿਸ਼ੇਸ਼ ਤੌਰ ਉੱਤੇ ਅਰਟੀਫਿਸ਼ਿਅਲ ਇੰਟੈਲੀਜੈਂਸ ਦੇ ਵਧ ਰਹੇ ਪ੍ਰਭਾਵ ਨਾਲ਼ ਗਿਆਨ ਦੇ ਹਰੇਕ ਖੇਤਰ ਵਿੱਚ ਨਵੇਂ ਰੁਝਾਨ ਪੈਦਾ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਫਾਰਮੇਸੀ ਖੇਤਰ ਵੀ ਇਨ੍ਹਾਂ ਖੇਤਰਾਂ ਵਿੱਚ ਸ਼ੁਮਾਰ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਸੰਗ ਵਿੱਚ ਮਾਹਿਰਾਂ ਵੱਲੋਂ ਫਾਰਮੇਸੀ ਖੇਤਰ ਦੀਆਂ ਨਵੀਆਂ ਲੋੜਾਂ, ਰੁਝਾਨਾਂ, ਤਬਦੀਲੀਆਂ ਆਦਿ ਦੇ ਹਵਾਲੇ ਨਾਲ਼ ਚਰਚਾ ਕੀਤੀ। ਚਰਚਾ ਦੌਰਾਨ ਵੱਖ-ਵੱਖ ਨੁਕਤਿਆਂ ਉੱਤੇ ਭਰਪੂਰ ਵਿਚਾਰ ਵਟਾਂਦਰਾ ਹੋਇਆ ਜਿਸ ਦੇ ਕਿ ਭਵਿੱਖ ਵਿੱਚ ਇਸ ਖੇਤਰ ਲਈ ਚੰਗੇ ਨਤੀਜੇ ਨਿੱਕਲਣ ਦੀ ਉਮੀਦ ਹੈ।
ਕਾਨਫ਼ਰੰਸ ਦੇ ਦੂਜੇ ਦਿਨ ਕਲਾ ਭਵਨ ਵਿੱਚ ਅਲੂਮਨੀ ਮੀਟ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਜਿਸ ਵਿੱਚ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ ਵਿਭਾਗ ਅਤੇ ਯੂਨੀਵਰਸਿਟੀ ਕੈਂਪਸ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਦੂਜੇ ਦਿਨ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਚਾਰ ਵੱਖ ਵੱਖ ਥਾਵਾਂ 'ਤੇ ਹੋਈ ਓਰਲ ਪ੍ਰੈਜੈਂਟੇਸ਼ਨ ਗਤੀਵਿਧੀ, ਕੁਇਜ਼, ਡਿਬੇਟ,ਪੋਸਟਰ ਪ੍ਰੈਜੈਂਟੇਸ਼ਨ ਅਤੇ ਪਲੇਸਮੈਂਟ ਡਰਾਈਵ ਸ਼ਾਮਿਲ ਸੀ। ਕਾਨਫ਼ਰੰਸ ਵਿੱਚ ਸ਼ਿਰਕਤ ਕਰ ਰਹੇ ਡੈਲੀਗੇਟਸ ਲਈ ਕਲਾ ਭਵਨ ਵਿਖੇ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿੱਥੇ ਵੱਖ-ਵੱਖ ਕਲਾਕਾਰਾਂ ਨੇ ਆਪਣੀਆਂ ਕਲਾਤਮਕ ਵੰਨਗੀਆਂ ਪੇਸ਼ ਕੀਤੀਆਂ।
ਵਰਨਣਯੋਗ ਹੈ ਕਿ ਪਹਿਲੇ ਦਿਨ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਐਸੋਸੀਏਸ਼ਨ ਆਫ਼ ਫਾਰਮਿਉਸਟੀਕਲ ਟੀਚਰਜ਼ ਆਫ਼ ਇੰਡੀਆ (ਏ.ਪੀ.ਟੀ.ਆਈ.) ਦੇ ਕੌਮੀ ਪ੍ਰਧਾਨ ਡਾ. ਮਿਲਿੰਦ ਜਾਨਰਾਓ ਉਮੇਕਰ ਵੱਲੋਂ ਆਪਣੇ ਵਿਚਾਰ ਪ੍ਰਗਟਾਏ ਗਏ ਸਨ ਅਤੇ ਫ਼ਾਰਮੇਸੀ ਕੌਂਸਲ ਆਫ਼ ਇੰਡੀਆ ਦੇ ਮੁਖੀ ਮੋਂਟੂਕੁਮਾਰ ਪਟੇਲ ਨੇ ਆਨਲਾਈਨ ਵਿਧੀ ਰਾਹੀਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਚੀਨ ਦੀ ਸੰਸਥਾ ਬੀ.ਆਈ.ਐੱਸ. ਐੱਸ. ਸੀ. ਤੋਂ ਡਾ. ਬਾਇਰੌਂਗ ਸ਼ੇਨ ਨੇ ਆਨਲਾਈਨ ਵਿਧੀ ਰਾਹੀਂ ਕਾਨਫ਼ਰੰਸ ਦਾ ਮੁੱਖ ਸੁਰ ਭਾਸ਼ਣ ਦਿੱਤਾ ਸੀ।