ਮਾਮਲਾ ਵਿਦੇਸ਼ ਜਾਣ ਦੀ ਲਾਲਸਾ ਦਾ
*ਵਿਦੇਸ਼ ਜਾਣ ਲਈ ਲੜਕੀ ਨੇ ਆਪਣੀ ਸਹੇਲੀ ਤੇ ਸਾਥੀ ਲੜਕਿਆਂ ਨਾਲ ਮਿਲਕੇ ਆਪਣੇ ਹੀ ਘਰੋਂ 11 ਲੱਖ ਰੁਪਏ ਸਮੇਤ ਕੀਤੇ ਗਹਿਣੇ ਚੋਰੀ*
ਪੁਲਸ ਨੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਨ ਉਪਰੰਤ ਆਪਣੀ ਕੀਤੀ ਅਗਲੀ ਕਾਰਵਾਈ ਆਰੰਭ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 15 ਫਰਵਰੀ 2025 ਵਿਦੇਸ਼ ਜਾਣ ਦੀ ਲਾਲਸਾ ‘ਚ ਕਥਿਤ ਅੰਨ੍ਹੀ ਹੋਈ ਇੱਕ ਲੜਕੀ ਵੱਲੋਂ ਆਪਣੀ ਸਹੇਲੀ ਤੇ ਦੋ ਹੋਰ ਲੜਕਿਆਂ ਨਾਲ ਮਿਲਕੇ ਆਪਣੇ ਹੀ ਘਰੋਂ ਲੱਖਾਂ ਰੁਪਏ ਦੀ ਨਕਦੀ ਸਮੇਤ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਕੇ ਸਾਥੀਆਂ ਸਮੇਤ ਫਰਾਰ ਹੋ ਜਾਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ।ਲੜਕੀ ਦੀ ਮਾਤਾ ਸਈਮਾਂ ਪਤਨੀ ਮੁਹੰਮਦ ਵਸੀਮ ਵਾਸੀ ਜਾਮਾ ਮਸਜਿਦ ਰੋਡ ਢਾਬੀ ਗੇਟ ਮਾਲੇਰਕੋਟਲਾ ਵੱਲੋਂ ਸਥਾਨਕ ਥਾਣਾ ਸਿਟੀ-2 ਵਿਖੇ ਆਪਣੀ ਲੜਕੀ ਤਹਿਰੀਮ ਪਠਾਨ ਉਸਦੀ ਸਹੇਲੀ ਅਲਿਜ਼ਬਾ ਪੁੱਤਰੀ ਤਾਹਿਰ ਉਰਫ ਹੈਪੀ ਵਾਸੀ ਇਨਸਾਈਡ ਸੁਨਾਮੀ ਗੇਟ ਮਾਲੇਰਕੋਟਲਾ ਸਮੇਤ ਦੋ ਲੜਕਿਆਂ ਤਾਬਿਸ ਪੁੱਤਰ ਮੁਹੰਮਦ ਖਾਲਿਦ ਵਾਸੀ ਨੇੜੇ ਹਾਜੀ ਬੇਕਰੀ ਸੁਨਾਮੀ ਗੇਟ ਮਾਲੇਰਕੋਟਲਾ ਅਤੇ ਮੁਹੰਮਦ ਸਾਰਿਕ ਦੇ ਖਿਲਾਫ ਨਕਦੀ ਤੇ ਗਹਿਣੇ ਚੋਰੀ ਕਰਨ ਦੀ ਦਿੱਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਸ ਨੇ ਉਕਤ ਚਾਰਾਂ ਦੇ ਖਿਲਾਫ ਅੰਡਰ ਸੈਕਸ਼ਨ ਬੀ.ਐੱਨ.ਐੱਸ. 2023 ਦੀਆਂ ਧਾਰਾਵਾਂ 305, 332ਸੀ, 3 (5) ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਚਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਲੜਕੀ ਦੀ ਮਾਤਾ ਸਈਮਾਂ ਵਸੀਮ ਨੇ ਪੁਲਸ ਪਾਸ ਦਰਜ ਕਰਵਾਏ ਗਏ ਆਪਣੇ ਬਿਆਨਾਂ ‘ਚ ਦੱਸਿਆ ਕਿ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਬੀ.ਐੱਸ.ਸੀ. ਦੀ ਪੜ੍ਹਾਈ ਕਰਦੀ ਉਨ੍ਹਾਂ ਦੀ 20 ਸਾਲਾ ਲੜਕੀ ਤਹਿਰੀਮ ਪਠਾਨ ਪੜ੍ਹਾਈ ਕਰਕੇ ਵਿਦੇਸ਼ ਕੈਨੇਡਾ ਜਾਣਾ ਚਾਹੁੰਦੀ ਸੀ।ਇਸੇ ਦੌਰਾਨ ਮੇਰੀ ਲੜਕੀ ਦੀ ਕੈਨੇਡਾ ਰਹਿੰਦੀ ਸਥਾਨਕ ਸੁਨਾਮੀ ਗੇਟ ਦੀ ਵਸਨੀਕ ਆਲਿਜ਼ਬਾ ਨਾਂ ਦੀ ਲੜਕੀ ਨਾਲ ਦੋਸਤੀ ਹੋ ਗਈ।
ਕੁਝ ਦੇਰ ਬਾਅਦ ਆਲਿਜ਼ਬਾ ਜਦੋਂ ਕੈਨੇਡਾ ਤੋਂ ਵਾਪਸ ਮਾਲੇਰਕੋਟਲਾ ਆਈ ਤਾਂ ਉਸਨੇ ਸਾਡੀ ਲੜਕੀ ਤਹਿਰੀਮ ਪਠਾਨ ਨੂੰ ਵਿਦੇਸ਼ਾਂ ਦੀ ਚਕਾਚੋਂਦ ਦੇ ਸੁਪਨੇ ਦਿਖਾਉਂਦਿਆਂ ਕਿਹਾ ਕਿ ਮੈਂ ਤੈਨੂੰ 20 ਲੱਖ ਰੁਪਏ ‘ਚ ਕੈਨੇਡਾ ਦੀ ਪੀ.ਆਰ. ਦਿਵਾ ਦੇਵਾਂਗੀ।ਜਦੋਂ ਇਸ ਬਾਰੇ ਸਾਡੀ ਲੜਕੀ ਨੇ ਸਾਨੂੰ ਦੱਸਿਆ ਤਾਂ ਅਸੀਂ ਆਪਣੀ ਲੜਕੀ ਨੂੰ ਕੈਨੇਡਾ ਭੇਜਣ ਤੋਂ ਸਾਫ ਮਨਾ ਕਰ ਦਿੱਤਾ।
ਸਾਈਮਾਂ ਪਤਨੀ ਵਸੀਮ ਨੇ ਅੱਗੇ ਦੱਸਿਆ ਕਿ ਸਾਡੇ ਵੱਲੋਂ ਮਨਾ ਕਰਨ ਤੋਂ ਬਾਅਦ ਉਕਤ ਆਲਿਜ਼ਬਾ ਨੇ ਮੇਰੀ ਲੜਕੀ ਨੂੰ ਕਿਹਾ ਕਿ ਤੂੰ ਕਿਸੇ ਤਰ੍ਹਾਂ 20 ਲੱਖ ਰੁਪਏ ਦਾ ਪ੍ਰਬੰਧ ਕਰਕੇ ਮੇਰੀ ਭੂਆ ਦੇ ਲੜਕੇ ਤਾਬਿਸ਼ ਪੁੱਤਰ ਮੁਹੰਮਦ ਖਾਲਿਦ ਵਾਸੀ ਨੇੜੇ ਹਾਜੀ ਬੇਕਰੀ ਸੁਨਾਮੀ ਗੇਟ ਮਾਲੇਰਕੋਟਲਾ ਨਾਲ ਨਿਕਾਹ ਕਰਵਾ ਲੈ, ਫਿਰ ਅਸੀਂ ਤੇਰਾ ਸਪੋਂਸ ਵੀਜਾ ਲਗਵਾ ਕੇ ਤੈਨੂੰ ਕੈਨੇਡਾ ਭੇਜ ਦੇਵਾਂਗੇ।ਇਸ ਦੌਰਾਨ ਹੀ ਆਲਿਜ਼ਬਾ ਨੇ ਮੇਰੀ ਲੜਕੀ ਤਹਿਰੀਮ ਪਠਾਨ ਦੀ ਆਪਣੀ ਭੂਆ ਦੇ ਲੜਕੇ ਤਾਬਿਸ਼ ਨਾਲ ਫੋਨ ‘ਤੇ ਗੱਲ ਕਰਵਾ ਦਿੱਤੀ।ਆਲਿਜ਼ਬਾ ਅਤੇ ਤਾਬਿਸ਼ ਵੱਲੋਂ ਦਿਖਾਏ ਗਏ ਗੱਲਾਂ ਦੇ ਸਬਜ਼ਬਾਗ ‘ਚ ਆ ਕੇ ਬਹਿਕੀ ਸਾਡੀ ਲੜਕੀ ਤਹਿਰੀਮ ਪਠਾਨ ਇਨ੍ਹਾਂ ਦੇ ਕਥਿਤ ਝਾਂਸੇ ‘ਚ ਫਸ ਗਈ।
ਦਰਖਾਸਤੀ ਸਾਈਮਾਂ ਵਸੀਮ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਲੰਘੀ 10 ਫਰਵਰੀ ਨੂੰ ਮੇਰੇ ਪਤੀ ਵਸੀਮ ਦੇ ਦੁਕਾਨ ‘ਤੇ ਜਾਣ ਤੋਂ ਬਾਅਦ ਮੈਂ ਆਪਣੀ ਛੋਟੀ ਬੇਟੀ ਨੂੰ ਨਾਲ ਲੈ ਕੇ ਰਿਸ਼ਤੇਦਾਰੀ ‘ਚ ਚਲੀ ਗਈ।ਸ਼ਾਮ 6 ਵਜੇ ਦੇ ਕਰੀਬ ਜਦੋਂ ਮੈਂ ਘਰ ਵਾਪਸ ਆਈ ਤਾਂ ਮੇਰੀ ਵੱਡੀ ਲੜਕੀ ਤਹਿਰੀਮ ਪਠਾਨ ਘਰ ‘ਚ ਮੌਜੂਦ ਨਹੀਂ ਸੀ ਅਤੇ ਘਰ ਦਾ ਸਮਾਨ ਖਿਲਰਿਆ ਪਿਆ ਸੀ।
ਪਹਿਲਾਂ ਮੈਂ ਆਪਣੀ ਲੜਕੀ ਦੀ ਭਾਲ ਕੀਤੀ ਜਦੋਂ ਉਹ ਨਾ ਮਿਲੀ ਤਾਂ ਮੈਂ ਫੋਨ ਕਰਕੇ ਆਪਣੇ ਪਤੀ ਨੂੰ ਘਰ ਬੁਲਾਉਣ ਉਪਰੰਤ ਜਦੋਂ ਆਪਣੇ ਘਰ ਦੇ ਅੱਗੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਕੈਮਰਿਆ ‘ਚ ਦੇਖਿਆ ਕਿ ਪਹਿਲਾਂ ਸਾਰਿਕ ਪੁੱਤਰ ਨਾਮਾਲੂਮ ਅਤੇ ਤਾਬਿਸ ਪੁੱਤਰ ਤਾਹਿਰ ਖਾਲੀ ਹੱਥ ਸਾਡੇ ਘਰ ਅੰਦਰ ਦਾਖਲ ਹੋਏ ਅਤੇ ਜਦੋਂ ਵਾਪਸ ਜਾਣ ਲੱਗੇ ਤਾਂ ਉਹ ਸਾਡੇ ਘਰੋਂ 2 ਬੈਗ ਭਰ ਕੇ ਲੈ ਜਾਂਦੇ ਦਿਖਾਈ ਦਿੱਤੇ।
ਫਿਰ ਕੁਝ ਸਮੇਂ ਬਾਅਦ ਲੜਕਾ ਸਾਰਿਕ ਦੁਬਾਰਾ ਸਾਡੇ ਘਰ ਆਇਆ ਅਤੇ ਮੇਰੀ ਲੜਕੀ ਤਹਿਰੀਮ ਪਠਾਨ ਨੂੰ ਆਪਣੇ ਨਾਲ ਮੋਟਰਸਾਇਕਲ ‘ਤੇ ਬਿਠਾ ਕੇ ਲੈ ਗਿਆ।ਕੈਮਰਿਆਂ ‘ਚ ਇਹ ਸੱਭ ਕੁਝ ਦੇਖਣ ਤੋਂ ਬਾਅਦ ਜਦੋਂ ਅਸੀਂ ਆਪਣੇ ਘਰ ਦਾ ਕੀਮਤੀ ਸਮਾਨ ਚੈੱਕ ਕੀਤਾ ਤਾਂ ਸਾਡੇ ਘਰ ਦੀ ਅਲਮਾਰੀ ‘ਚੋਂ 11 ਲੱਖ ਰੁਪਏ ਦੀ ਨਕਦੀ ਸਮੇਤ 16 ਤੋਲੇ ਸੋਨੇ ਦੇ ਗਹਿਣੇ ਅਤੇ 25 ਤੋਲੇ ਚਾਂਦੀ ਗਾਇਬ ਪਾਏ ਗਏ।
ਸਾਇਮਾ ਵਸੀਮ ਨੇ ਅੱਗੇ ਕਿਹਾ ਕਿ ਆਪਣੀ ਬੇਇਜ਼ਤੀ ਤੋਂ ਡਰਦੇ ਅਸੀਂ ਪਹਿਲਾਂ ਆਪਣੀ ਲੜਕੀ ਦੀ ਭਾਲ ਕਰਦੇ ਰਹੇ ਪਰ ਹੁਣ ਸਾਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਸਾਡੀ ਬੇਟੀ ਤਹਿਰੀਮ ਪਠਾਨ ਸਮੇਤ ਉਸਦੀ ਸਹੇਲੀ ਆਲਿਜ਼ਬਾ ਅਤੇ ਉਨ੍ਹਾਂ ਦੇ ਸਾਥੀ ਲੜਕੇ ਤਾਬਿਸ਼ ਅਤੇ ਸ਼ਾਰਿਕ ਉਕਤ ਚਾਰੇ ਹੀ ਸਾਡੇ ਘਰੋਂ ਉਪਰੋਕਤ ਨਕਦੀ ਅਤੇ ਸੋਨਾ-ਚਾਂਦੀ ਚੋਰੀ ਕਰਕੇ ਲੈ ਗਏ ਹਨ।ਥਾਣਾ ਸਿਟੀ-2 ਦੀ ਪੁਲਸ ਨੇ ਸਾਈਮਾਂ ਵਸੀਮ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਨ ਉਪਰੰਤ ਆਪਣੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।