ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਜਾਰੀ : ਅਨੁਪ੍ਰਿਤਾ ਜੌਹਲ
-ਦਾਅਵੇ ਤੇ ਇਤਰਾਜ 11 ਫਰਵਰੀ ਤੋਂ 18 ਫਰਵਰੀ ਤੱਕ ਹੋਣਗੇ ਦਰਜ, ਇਤਰਾਜਾਂ ਦਾ ਨਿਪਟਾਰਾ 27 ਤੱਕ ਤੇ ਵੋਟਰ ਰੋਲ ਦੀ ਅੰਤਿਮ ਪ੍ਰਕਾਸ਼ਨਾ ਦੀ 3 ਮਾਰਚ ਨੂੰ - ਏ.ਡੀ.ਸੀ. ਜੌਹਲ
ਪਟਿਆਲਾ, 10 ਫਰਵਰੀ 2025 - ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ-2025 ਲਈ ਯੋਗਤਾ ਮਿਤੀ 1 ਮਾਰਚ 2025 ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।
ਜਿਸ ਦੇ ਅਨੁਸਾਰ ਡਰਾਫਟ ਵੋਟਰ ਰੋਲ ਦੀ ਪ੍ਰਕਾਸ਼ਨਾ ਅੱਜ ਮਿਤੀ 10 ਫਰਵਰੀ 2025 ਨੂੰ ਕਰ ਦਿੱਤੀ ਗਈ ਹੈ। ਅਨੁਪ੍ਰਿਤਾ ਜੌਹਲ ਨੇ ਇਸ ਸਬੰਧੀ ਅੱਜ ਸਮੂਹ ਐਸ.ਡੀ.ਐਮਜ-ਕਮ-ਮੰਡਲ ਚੋਣਕਾਰ ਅਫ਼ਸਰਾਂ ਨਾਲ ਇੱਕ ਆਨਲਾਈਨ ਮੀਟਿੰਗ ਕਰਦਿਆਂ ਦੱਸਿਆ ਕਿ ਦਾਅਵੇ/ ਇਤਰਾਜ ਦਰਜ਼ ਕਰਵਾਉਣ ਦੀ ਮਿਤੀ 11 ਫਰਵਰੀ ਤੋਂ 18 ਫਰਵਰੀ 2025 ਤੱਕ ਹੋਵੇਗੀ ਅਤੇ ਪ੍ਰਾਪਤ ਦਾਅਵੇ/ਇਤਰਾਜ ਦਾ ਨਿਪਟਾਰਾ ਮਿਤੀ 27 ਫਰਵਰੀ 2025 ਤੱਕ ਹੋਵੇਗਾ ਅਤੇ ਵੋਟਰ ਰੋਲ ਦੀ ਅੰਤਿਮ (ਫਾਈਨਲ) ਪ੍ਰਕਾਸ਼ਨਾ ਦੀ ਮਿਤੀ 03 ਮਾਰਚ 2025 ਨੂੰ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਸਾਰੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ 14 ਫਰਵਰੀ 2025 ਦਿਨ ਸ਼ੁਕਰਵਾਰ ਅਤੇ 15 ਫਰਵਰੀ 2025 ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਕੈਂਪ ਪੇਂਡੂ ਖੇਤਰ ਦੇ ਪੋਲਿੰਗ ਬੂਥਾਂ ‘ਤੇ ਲਗਵਾਉਣਗੇ ਤਾਂ ਜੋ ਕਿ ਸੁਧਾਈ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚੜ ਸਕੇ।
ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਬਲਾਕ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨਾਲ ਤੁਰੰਤ ਸੰਪਰਕ ਕਰਨਗੇ, ਆਮ ਲੋਕਾਂ ਦੀ ਜਾਣਕਾਰੀ ਲਈ ਆਪਣੇ ਖੇਤਰ ਦੇ ਪਿੰਡਾਂ ਵਿਚ ਸੁਧਾਈ ਸਬੰਧੀ ਮੁਨਿਆਦੀ ਕਰਵਾਉਣਗੇ ਅਤੇ ਸੁਧਾਈ ਨਾਲ ਸਬੰਧਤ ਕੰਮਾਂ ਲਈ ਆਪਣਾ ਲਈ ਪੂਰਨ ਸਹਿਯੋਗ ਦੇਣਗੇ।