ਸੰਯੁਕਤ ਕਿਸਾਨ ਮੋਰਚਾ, SKM (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਵਿਚਾਲੇ ਫੁੱਟ ਦੇ ਸੰਕੇਤ
ਚੰਡੀਗੜ੍ਹ, 9 ਫਰਵਰੀ 2025 - ਕਿਸਾਨ ਜਥੇਬੰਦੀਆਂ ਵਿਚਾਲੇ 12 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਵਿਚਾਲੇ ਏਕਤਾ ਮਗਰੋਂ ਫੁੱਟ ਦੇ ਸੰਕੇਤ ਵਿਖਾਈ ਦੇ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਿਕ ਸੰਯੁਕਤ ਕਿਸਾਨ ਮੋਰਚਾ ਵੱਲੋਂ 12 ਫਰਵਰੀ ਦੀ ਚੰਡੀਗੜ੍ਹ ਮੀਟਿੰਗ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਮੋਰਚੇ ਨੂੰ ਲਗਾਤਾਰ 2 ਵਾਰ ਚਿੱਠੀਆਂ ਭੇਜੀਆਂ ਗਈਆਂ, ਪਰ SKM ਗੈਰ ਰਾਜਨੀਤਿਕ ਵਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਨਾ ਤਾਂ ਕੋਈ ਜਵਾਬ ਦਿੱਤਾ ਗਿਆ ਅਤੇ ਨਾ ਹੀ ਪੱਤਰਕਾਰਾਂ ਮੂਹਰੇ ਕੋਈ ਜਾਣਕਾਰੀ ਰੱਖੀ ਗਈ।
ਐਸਕੇਐਮ ਦੇ ਆਗੂਆਂ ਦੀ ਮੰਨੀਏ ਤਾਂ, 10 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸਾਥੀ ਇਕ ਦੂਜੇ ਦੇ ਹੱਥਾਂ ਵਿਚ ਹੱਥ ਫੜ੍ਹ ਕੇ ਖਨੌਰੀ ਮੋਰਚੇ ਏਕਤਾ ਦਾ ਮਤਾ ਲੈ ਕੇ ਆਏ ਸਨ, ਉਥੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ ਸਨ ਅਤੇ ਇਕੱਠੇ ਹੋਣ ਲਈ ਕਿਹਾ ਗਿਆ ਸੀ।
ਹਾਲਾਂਕਿ ਉਸ ਤੋਂ ਬਾਅਦ 13 ਜਨਵਰੀ ਅਤੇ 18 ਜਨਵਰੀ ਨੂੰ ਪਾਤੜਾਂ ਵਿਖੇ ਮੀਟਿੰਗ ਕਿਸਾਨ ਜਥੇਬੰਦੀਆਂ ਦੀਆਂ ਹੋਈਆਂ, ਪਰ ਉਥੇ ਵੀ ਕਿਸਾਨੀ ਮੰਗਾਂ ਅਤੇ ਐਕਸ਼ਨਾਂ ਬਾਰੇ ਕੋਈ ਸਮਝੌਤਾ ਨਹੀਂ ਸੀ ਹੋਇਆ।
ਆਗੂਆਂ ਨੇ ਦੱਸਿਆ ਕਿ ਹੁਣ 12 ਫਰਵਰੀ ਦੀ ਚੰਡੀਗੜ੍ਹ ਮੀਟਿੰਗ ਲਈ ਐਸਕੇਐਮ ਦੇ ਸਾਥੀ ਲਗਾਤਾਰ 2 ਵਾਰ SKM ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਚਿੱਠੀਆਂ ਭੇਜ ਚੁੱਕੇ ਹਨ, ਪਰ ਖਨੌਰੀ ਅਤੇ ਸ਼ੰਭੂ ਮੋਰਚੇ ਵਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ।
ਹਾਲਾਂਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਖਨੌਰੀ ਮੋਰਚੇ ਵਲੋਂ ਕਿਹਾ ਜਾ ਰਿਹਾ ਹੈ ਕਿ 12 ਫਰਵਰੀ ਨੂੰ ਖਨੌਰੀ ਵਿਖੇ ਵੱਡਾ ਪ੍ਰੋਗਰਾਮ ਹੈ ਅਤੇ ਕਿਹਾ ਜਾ ਰਿਹਾ ਹੈ ਕਿ 12 ਫਰਵਰੀ ਦੀ ਮੀਟਿੰਗ ਬਾਰੇ ਅਸੀਂ ਫੇਰ ਦੱਸਾਂਗੇ।