ਦਿੱਲੀ ਜਿੱਤ ਨੂੰ ਲੈ ਕੇ ਭਾਜਪਾ ਆਗੂਆਂ ਨੇ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਵੰਡੇ ਬਠਿੰਡਾ ਵਿੱਚ ਲੱਡੂ
ਅਸ਼ੋਕ ਵਰਮਾ
ਬਠਿੰਡਾ, 9 ਫਰਵਰੀ2025: ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਹੋਈ ਜ਼ਬਰਦਸਤ ਚਿੱਤ ਨੂੰ ਲੈ ਕੇ ਬਠਿੰਡਾ ਵਿੱਚ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਫਾਇਰ ਬ੍ਰਿਗੇਡ ਚੌਂਕ ਵਿੱਚ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਲੱਡੂ ਵੰਡੇ ਅਤੇ ਰੱਜ ਕੇ ਖੁਸ਼ੀ ਮਨਾਈ। ਇਸ ਮੌਕੇ ਭਾਜਪਾ ਵਰਕਰਾਂ ਨੇ ਭੰਗੜਾ ਵੀ ਪਾਇਆ ਅਤੇ ਪਟਾਕੇ ਵੀ ਚਲਾਏ।ਇਸ ਦੌਰਾਨ ਬਠਿੰਡਾ ਵਿਚ ਨਰਿੰਦਰ ਮੋਦੀ ਅਤੇ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ। ਭਾਜਪਾ ਦੀ ਜਿੱਤ ਦਾ ਜਸ਼ਨ ਮਨਾਉਣ ਪੁੱਜੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ , ਸਾਬਕਾ ਮੰਤਰੀ ਸੁਰਜੀਤ ਜਿਆਣੀ, ਸੂਬਾ ਜਨਰਲ ਸਕੱਤਰ ਦਿਆਲ ਸੋਢੀ ਤੇ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀਆਂ ਝੂਠੀਆਂ ਗਰੰਟੀਆਂ ਨੂੰ ਪੂਰੀ ਤਰ੍ਹਾਂ ਨਿਕਾਰ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਰੰਟੀਆਂ ਤੇ ਆਪਣੀ ਮੋਹਰ ਲਾਈ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਜਿੱਤਣ ਤੋਂ ਬਾਅਦ ਹੁਣ ਪੰਜਾਬ ਨੂੰ ਜਿੱਤਣ ਦੀ ਵਾਰੀ ਹੈ ਤੇ ਪੰਜਾਬ ਦੇ ਲੋਕ ਵੀ ਇੱਕ ਵਾਰ ਭਾਜਪਾ ਨੂੰ ਮੌਕਾ ਦੇਣ ਲਈ ਕਾਹਲੇ ਹਨ। ਉਹਨਾਂ ਕਿਹਾ ਕਿ ਦਿੱਲੀ ਵਾਂਗ 2027 ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦਾ ਸਫ਼ਾਇਆ ਹੋ ਜਾਵੇਗਾ ਅਤੇ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਪ ਤੋਂ ਐਨੇ ਤੰਗ ਆ ਚੁੱਕੇ ਹਨ ਕਿ ਜੇਕਰ ਅੱਜ ਚੋਣਾਂ ਹੋ ਜਾਂਦੀਆਂ ਹਨ ਤਾਂ ਵੀ ਆਮ ਆਦਮੀ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੇਗੀ। ਉਹਨਾਂ ਕਿਹਾ ਕਿ ਪੰਜਾਬ ਅੰਦਰ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਦਾ ਬੋਲਬਾਲਾ ਹੈ ,ਕਾਨੂੰਨ ਵਿਵਸਥਾ ਟੁੱਟ ਚੁੱਕੀ ਹੈ, ਲੋਕ ਘਰਾਂ ਵਿਚ ਬੈਠ ਕੇ ਵੀ ਸੁਰੱਖਿਅਤ ਨਹੀਂ, ਨਸ਼ਾ ਹਰ ਘਰ ਪਹੁੰਚ ਚੁੱਕਾ, ਨੌਜਵਾਨ ਨਸ਼ਿਆਂ ਚ ਫਸ ਕੇ ਅਪਰਾਧਾਂ ਵੱਲ ਮੁੜ ਰਹੇ ਹਨ, ਨਿੱਤ ਮੌਤਾਂ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਜਿੱਤ 'ਤੇ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਬਠਿੰਡਾ ਦੇ ਜਰਨਲ ਸਕੱਤਰ ਅਸ਼ੋਕ ਬਾਲਿਆਂ ਵਾਲੀ, ਮੋਹਨ ਲਾਲ ਗਰਗ, ਮੀਡੀਆ ਇੰਚਾਰਜ ਸੁਨੀਲ ਸਿੰਗਲਾ , ਮਹਿਲਾ ਆਗੂ ਬੀਨੂ ਗੋਇਲ , ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਅਤੇ ਐਸ. ਸੀ. ਮੋਰਚਾ ਦੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਮਹਿਰਾਜ ਆਦਿ ਮੌਜੂਦ ਸਨ।