ਮਜ਼ਦੂਰਾਂ "ਤੇ ਫਾਇਰਿੰਗ: ਮਨੁੱਖੀ ਅਧਿਕਾਰ ਕਮਿਸ਼ਨ ਤੇ ਐਸ ਸੀ ਐਸ ਟੀ ਕਮਿਸ਼ਨ ਨੂੰ ਸ਼ਕਾਇਤਾਂ ਭੇਜੀਆਂ
ਅਸ਼ੋਕ ਵਰਮਾ
ਬਠਿੰਡਾ ,9 ਫਰਵਰੀ 2025:ਚੰਦਭਾਨ ਵਿਖੇ ਮਜ਼ਦੂਰਾਂ ਉਤੇ ਪੁਲਿਸ ਦੀ ਹਾਜ਼ਰੀ ਵਿੱਚ ਗੋਲੀਆਂ ਚਲਾਉਣ ਵਾਲੇ ਹਰਵਿੰਦਰ ਸਿੰਘ ਉਪਰ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਕਰਨ ਸਬੰਧੀ ਟਿੱਪਣੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਇਸ ਨੂੰ ਲੋਕ ਦਬਾਅ ਦਾ ਸਿੱਟਾ ਕ਼ਰਾਰ ਦਿੱਤਾ। ਉਹਨਾਂ ਜ਼ਾਰੀ ਕੀਤੇ ਬਿਆਨ ਰਾਹੀਂ ਮੰਗ ਕੀਤੀ ਕਿ ਮਜ਼ਦੂਰਾਂ ਉਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਹਰਵਿੰਦਰ ਸਿੰਘ ਤੋਂ ਇਲਾਵਾ ਗਮਦੂਰ ਸਿੰਘ ਸਮੇਤ ਬਾਕੀਆਂ ਅਤੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਥਾਣਾ ਜੈਤੋ ਦੇ ਮੁਖੀ ਰ ਨੂੰ ਮੁਕੱਦਮੇ 'ਚ ਸ਼ਾਮਲ ਕਰਕੇ ਇਰਾਦਾ ਕਤਲ ਦੀਆਂ ਧਾਰਾਵਾਂ ਸ਼ਾਮਲ ਕਰਕੇ ਗਿਰਫ਼ਤਾਰ ਕੀਤਾ ਜਾਵੇ। ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਵੱਲੋਂ ਅੱਜ ਪਿੰਡ ਚੰਦਭਾਨ ਪਹੁੰਚ ਕੇ ਪੀੜਤਾਂ ਮਜ਼ਦੂਰ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਵੀ ਪੁੱਛਿਆ।
ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੱਲ੍ਹ ਦੇਰ ਸ਼ਾਮ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਨੈਸ਼ਨਲ ਐਸ ਸੀ ਐਸ ਟੀ ਕਮਿਸ਼ਨ ਦੇ ਚੇਅਰਮੈਨ ਨੂੰ ਈ ਮੇਲ ਕਰਕੇ ਜੈਤੋ ਥਾਣੇ ਦੇ ਮੁਖੀ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਉੱਚ ਜਾਤੀ ਨਾਲ ਸਬੰਧਤ ਸ਼ੈਲਰ ਮਾਲਕ ਗਮਦੂਰ ਸਿੰਘ ਵਗੈਰਾ ਨਾਲ਼ ਮਿਲਕੇ ਚੰਦਭਾਨ ਦੇ ਮਜ਼ਦੂਰ ਮਰਦ ਔਰਤਾਂ ਉੱਤੇ ਢਾਹੇ ਗਏ ਅੰਨ੍ਹੇ ਜ਼ਬਰ , 40 ਦੇ ਕਰੀਬ ਵਿਅਕਤੀਆਂ ਨੂੰ ਇਰਾਦਾ ਕਤਲ ਵਰਗੇ ਸੰਗੀਨ ਦੋਸ਼ਾਂ ਤਹਿਤ ਗਿਰਫ਼ਤਾਰ ਕਰਨ ਤੇ ਮਜ਼ਦੂਰ ਘਰਾਂ ਦੀ ਭੰਨਤੋੜ ਕਰਨ ਦੇ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਖੇਤ ਮਜ਼ਦੂਰ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਵੱਲੋਂ ਗਿਰਫ਼ਤਾਰ ਕੀਤੇ ਮਜ਼ਦੂਰਾਂ ਨੂੰ ਇੱਕ ਦੂਜੇ ਦੇ ਥੱਪੜ ਮਾਰਨ ਲਈ ਮਜਬੂਰ ਕਰਨ ਤੋਂ ਇਲਾਵਾ ਖੁਦ ਵੀ ਤਸੀਹੇ ਦਿੱਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਫਾਇਰਿੰਗ ਦੌਰਾਨ ਜ਼ਖ਼ਮੀ ਦੋ ਮਜ਼ਦੂਰ ਜ਼ੋ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹਨ ਦਾ ਮੈਡੀਕਲ ਕਰਵਾਇਆ ਜਾਵੇ ਅਤੇ ਉਹਨਾਂ ਦਾ ਢੁਕਵਾਂ ਇਲਾਜ ਕਰਾਉਣ ਤੋਂ ਇਲਾਵਾ ਗਿਰਫ਼ਤਾਰ ਮਜ਼ਦੂਰਾਂ ਨੂੰ ਰਿਹਾਅ ਕੀਤਾ ਜਾਵੇ।