ਐਸ ਡੀ ਐਮ ਡੇਰਾਬੱਸੀ ਨੇ ਬਨੂੜ ਵੀਅਰ ਦੀ ਡੀ-ਸਿਲਟਿੰਗ ਵਾਲੀ ਥਾਂ ਦਾ ਨਿਰੀਖਣ ਕੀਤਾ
ਹਰਜਿੰਦਰ ਸਿੰਘ ਭੱਟੀ
- ਮਾਈਨਿੰਗ ਅਧਿਕਾਰੀਆਂ ਨੂੰ ਮੌਜੂਦਾ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ
- ਖੁਦਾਈ ਕੀਤੀ ਸਮੱਗਰੀ ਦਾ ਤਾਜ਼ਾ ਡੀ ਈ ਐਮ ਸਰਵੇਖਣ ਕਰਨ ਦੇ ਹੁਕਮ ਦਿੱਤੇ ਡੇਰਾਬੱਸੀ ਸਬ ਡਵੀਜ਼ਨ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਮਾਈਨਿੰਗ ਦੀ ਗਤੀਵਿਧੀ ਨਾ ਹੋਣ ਦੇਣ ਦੀ ਵਚਨਬੱਧਤਾ ਨੂੰ ਦੁਹਰਾਇਆ
ਐਸ.ਏ.ਐਸ.ਨਗਰ, 08 ਫਰਵਰੀ, 2025: ਬਨੂੜ ਵੀਅਰ ਨੂੰ ਡੀ- ਸਿਲਟ ਕਰਨ ਦੇ ਚੱਲ ਰਹੇ ਕੰਮ ਵਿੱਚ ਹੋਰ ਪਾਰਦਰਸ਼ਤਾ ਬਰਕਰਾਰ ਰੱਖਣ ਲਈ ਡੇਰਾਬੱਸੀ ਦੇ ਉਪ ਮੰਡਲ ਮੈਜਿਸਟਰੇਟ ਅਮਿਤ ਗੁਪਤਾ ਨੇ ਅੱਜ ਡਰੇਨੇਜ ਅਤੇ ਮਾਈਨਿੰਗ ਅਧਿਕਾਰੀਆਂ ਦੇ ਨਾਲ ਸਬੰਧਤ ਥਾਂ ਦਾ ਨਿਰੀਖਣ ਕੀਤਾ।
ਐਸ.ਡੀ.ਐਮ ਡੇਰਾਬੱਸੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀਆਂ ਹਦਾਇਤਾਂ ਅਨੁਸਾਰ ਇਸ ਦੌਰੇ ਦਾ ਮਕਸਦ ਮੌਜੂਦਾ ਨਿਗਰਾਨੀ ਤੰਤਰ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਡਰੇਨੇਜ ਅਤੇ ਮਾਈਨਿੰਗ ਅਧਿਕਾਰੀਆਂ ਨੂੰ ਬਨੂੜ ਵੀਅਰ ਦੇ ਤਲ ਤੋਂ ਖੁਦਾਈ ਕੀਤੀ ਸਮੱਗਰੀ ਦਾ ਨਵੇਂ ਸਿਰੇ ਤੋਂ ਡਰੋਨ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਲ ਸਰੋਤ ਵਿਭਾਗ ਵੱਲੋਂ ਵਿਭਾਗੀ ਵਿਜੀਲੈਂਸ ਟੀਮ ਦੀ ਹਾਜ਼ਰੀ ਵਿੱਚ ਡੀ ਈ ਐਮ ਦਾ ਸਰਵੇਖਣ ਨਿਯਮਤ ਤੌਰ 'ਤੇ ਕੀਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੀ.ਸੀ.ਟੀ.ਵੀ. ਮੋਨੀਟਰਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵੀ ਹਦਾਇਤ ਕੀਤੀ, ਜਿਸ ਦੀ ਨਿਯਮਤ ਨਿਗਰਾਨੀ ਲਈ ਪਹਿਲਾਂ ਜਲ ਸਰੋਤ ਵਿਭਾਗ ਦੀ ਵਿਜੀਲੈਂਸ ਟੀਮ ਨੂੰ ਦਿੱਤੀ ਹੋਈ ਹੈ।
ਇਸੇ ਤਰ੍ਹਾਂ ਵਿਭਾਗ ਦੇ ਜੂਨੀਅਰ ਇੰਜਨੀਅਰ ਪੱਧਰ ਦੇ ਅਧਿਕਾਰੀਆਂ, ਜਿਨ੍ਹਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੀ ਹਾਜ਼ਰੀ ਵਿੱਚ ਗਾਰ ਹਟਵਾਉਣ ਦਾ ਕੰਮ ਸੌਂਪਿਆ ਗਿਆ ਹੈ, ਨੂੰ ਦਿਨ ਛਿਪਣ ਤੋਂ ਬਾਅਦ ਖੁਦਾਈ ਦੀਆਂ ਸ਼ਰਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਤੋਂ ਬਾਅਦ ਕੋਈ ਖੁਦਾਈ ਨਹੀਂ ਕੀਤੀ ਜਾਵੇਗੀ ਅਤੇ ਵਿਭਾਗ ਇਹ ਯਕੀਨੀ ਬਣਾਏਗਾ ਕਿ ਦਿਨ ਦੇ ਅੰਤ ਵਿੱਚ ਸਿਰਫ਼ ਸਮੱਗਰੀ ਨਾਲ ਭਰੇ ਵਾਹਨਾਂ ਨੂੰ ਹੀ ਬਾਹਰ ਜਾਣ ਦਿੱਤਾ ਜਾਵੇਗਾ ਅਤੇ ਉਸ ਸਮੇਂ ਹੋਰ ਲੋਡਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਐਸ ਡੀ ਐਮ ਨੇ ਕਾਰਜਕਾਰੀ ਇੰਜਨੀਅਰ ਮਾਈਨਿੰਗ ਤੋਂ ਉਨ੍ਹਾਂ ਵੱਲੋਂ ਚੁੱਕੇ ਗਏ ਸੁਧਾਰਾਤਮਕ ਕਦਮਾਂ ਬਾਰੇ ਵਿਸਥਾਰਤ ਰਿਪੋਰਟ ਵੀ ਮੰਗੀ ਹੈ। ਉਨ੍ਹਾਂ ਸਥਾਨਕ ਪੁਲਿਸ ਨੂੰ ਵੀ ਹਦਾਇਤ ਕੀਤੀ ਕਿ ਉਹ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਇਲਾਕੇ ਵਿੱਚ ਚੌਕਸੀ ਰੱਖਣ।
ਜਿਕਰਯੋਗ ਹੈ ਕਿ ਬਨੂੜ ਵੀਅਰ ਡੀ-ਸਿਲਟਿੰਗ ਸਾਈਟ ਬਨੂੜ ਵੀਅਰ ਦੇ ਉਪਰਲੇ ਪਾਸੇ ਸਥਿਤ ਹੈ। ਪਿਛਲੇ ਕੁਝ ਸਾਲਾਂ ਤੋਂ ਬਨੂੜ ਵੀਅਰ ਵਿੱਚ ਗਾਰ ਜਮ੍ਹਾਂ ਹੋ ਰਹੀ ਹੈ, ਜਿਸ ਕਾਰਨ ਬਨੂੜ ਵੀਅਰ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ ਵਿੱਚ ਕਾਫੀ ਕਮੀ ਆਈ ਹੈ। ਸਾਲ 2023-24 ਦੇ ਹੜ੍ਹਾਂ ਦੇ ਸੀਜ਼ਨ ਦੌਰਾਨ ਇਹ ਦੇਖਿਆ ਗਿਆ ਕਿ ਬਨੂੜ ਵੇਈਂ ਵਿੱਚ ਪਾਣੀ ਦਾ ਪੱਧਰ ਬਹੁਤ ਉੱਚਾ ਸੀ, ਜਿਸ ਕਾਰਨ ਘੱਗਰ ਦਰਿਆ ਦੇ ਖੱਬੇ ਪਾਸੇ ਵਾਲੇ ਸਥਾਨ ਦੇ ਨੇੜੇ ਸਥਿਤ ਵੱਖ-ਵੱਖ ਪਿੰਡ ਬਾਕਰਪੁਰ, ਪਰਾਗਪੁਰ ਅਤੇ ਸੱਜੇ ਪਾਸੇ ਦੇ ਪਿੰਡ ਸ਼ਤਾਬਗੜ੍ਹ, ਛੱਤਬੀੜ, ਰਾਮਪੁਰ ਕਲਾਂ ਪ੍ਰਭਾਵਿਤ ਹੋ ਸਕਦੇ ਸਨ। ਰਾਜ ਨੇ 5771132 ਸੀਐਫਟੀ (ਘਣ ਫੁੱਟ) ਦੀ ਖੁਦਾਈ ਦੀ ਇਜਾਜ਼ਤ ਦਿੱਤੀ ਹੈ, ਜਿਸ ਨਾਲ 302.98 ਲੱਖ ਰੁਪਏ ਦੀ ਆਮਦਨ ਹੋਵੇਗੀ।