← ਪਿਛੇ ਪਰਤੋ
BIG News: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੇ ਆਪਣੇ ਮਸਲਿਆਂ ਲਈ ਕੀਤੀ ਭੁੱਖ ਹੜਤਾਲ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 8 ਫਰਵਰੀ 2025:ਬਠਿੰਡਾ ਦੀ ਕੇਂਦਰੀ ਜੇ੫ਲ ਵਿੱਚ ਬੰਦ ਗੈਂਗਸਟਰ ਸੁੱਖਾ ਕਾਹਲਵਾਂ ਗਰੋਹ ਨਾਲ ਸਬੰਧਿਤ ਦੋ ਗੈਂਗਸਟਰਾਂ ਨੇ ਜੇਲ੍ਹ ਵਿੱਚ ਆਪਣੀਆਂ ਮੰਗਾਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਖਤਮ ਕਰਵਾਉਣ ਲਈ ਪ੍ਰਸ਼ਾਸਨ ਨੇ ਵੀ ਮਸ਼ਕਾਂ ਆਰੰਭ ਦਿੱਤੀਆਂ ਹਨ। ਇਹ ਮਸਲਾ ਹੱਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਐਸਡੀਐਮ ਬਠਿੰਡਾ ਅਤੇ ਉਹਨਾਂ ਨਾਲ ਡੀਐਸਪੀ ਸਰਬਜੀਤ ਸਿੰਘ ਬਰਾੜ ਦੀ ਡਿਊਟੀ ਲਾਈ ਹੈ ।ਭੁੱਖ ਹੜਤਾਲੀ ਗੈਂਗਸਟਰਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਪਰਿਵਾਰਿਕ ਮੈਂਬਰਾਂ ਨੂੰ ਨਾ ਮਿਲਣ ਦੇਣ ਅਤੇ ਗੱਲ ਨਾ ਕਰਵਾਉਣ ਦੇ ਦੋਸ਼ ਲਾਏ ਹਨ। ਇਸ ਮਾਮਲੇੇ ਸਬੰਧੀ ਜ਼ੇਲ੍ਹ ਅਧਿਕਾਰੀਆਂ ਦੀ ਕੋਈ ਪ੍ਰਰਤਿਕਿਰਿਆ ਸਾਹਮਣੇ ਨਹੀਂ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੁੱਖ ਹੜਤਾਲ ਤੇ ਬੈਠਣ ਵਾਲਿਆਂ ਵਿੱਚ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਅਤੇ ਗੁਰਪ੍ਰੀਤ ਸਿੰਘ ਸ਼ਾਮਿਲ ਹਨ। ਇਨਾ ਗੈਂਗਸਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਰਿਵਾਰਿਕ ਮੈਂਬਰਾਂ ਨਾਲ ਫੋਨ ਤੇ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ ਅਤੇ ਨਾ ਹੀ ਮਿਲਣ ਦਿੱਤਾ ਜਾਂਦਾ ਹੈ । ਉਹਨਾਂ ਕਿਹਾ ਕਿ ਇਸ ਰੋਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਭੁੱਖ ਹੜਤਾਲ ਦਾ ਪਤਾ ਲੱਗਦਿਆ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ ਤੇ ਭੁੱਖ ਹੜਤਾਲ ਖਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਪਤਾ ਲੱਗਿਆ ਹੈ ਕਿ ਉਕਤ ਦੋਨੋਂ ਗੈਂਗਸਟਰਾਂ ਨੇ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ। ਜੇਲ ਪ੍ਰਸ਼ਾਸਨ ਨੇ ਗੈਂਗਸਟਰਾਂ ਦੀ ਇਸ ਭੁੱਖ ਹੜਤਾਲ ਸਬੰਧੀ ਸਿਵਲ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਹੈ। ਭੁੱਖ ਹੜਤਾਲ ਖਤਮ ਕਰਵਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਵਿੱਢ ਦਿੱਤੀ ਹੈ। ਇਹਨਾਂ ਦੋਵਾਂ ਗੈਂਗਸਟਰਾਂ ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਦੇ ਖਿਲਾਫ ਲੁੱਟਖੋਹ ਸਮੇਤ ਹੋਰ ਗੰਭੀਰ ਅਪਰਾਧਾਂ ਦੇ ਪਰਚੇ ਦਰਜ ਹਨ । ਜੇਲ ਪ੍ਰਸ਼ਾਸਨ ਵੱਲੋਂ ਜੇਲ ਵਿੱਚ ਇਸ ਭੁੱਖ ਹੜਤਾਲ ਦੇ ਚੱਲਦਿਆਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ। ਗੈਂਗਸਟਰਾਂ ਦੀ ਇਸ ਭੁੱਖ ਹੜਤਾਲ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਦੋਵੇਂ ਅਧਿਕਾਰੀਆਂ ਵੱਲੋਂ ਕੱਲ ਵੀ ਬਠਿੰਡਾ ਜੇਲ ਦਾ ਦੌਰਾ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਗੈਂਗਸਟਰਾਂ ਨੂੰ ਜੇਲ੍ਹ ਅਧਿਕਾਰੀਆਂ ਦੇ ਸਹਿਯੋਗ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭੁੱਖ ਹੜਤਾਲ ਦੇ ਕਾਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਐਸਪੀ ਸਿਟੀ ਨੇ ਕਿਹਾ ਕਿ ਇਸ ਬਾਰੇ ਵਿੱਚ ਤਾਂ ਜੇਲ੍ਹ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ। ਉਹਨਾਂ ਐਨਾਂ ਜਰੂਰ ਦੱਸਿਆ ਕਿ ਗੈਂਗਸਟਰਾਂ ਵੱਲੋਂ ਭੁੱਖ ਹੜਤਾਲ ਕਰੀਬ ਤਿੰਨ ਚਾਰ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਹੈ।
Total Responses : 8