ਗੁਦੜੀ ਦੇ ਲਾਲ ਮਾਸਟਰ ਰਵੀ ਕੁਮਾਰ ਮੰਗਲਾ ਦੇ ਦੋ ਹਜ਼ਾਰ ਦੋਹੜੇ ਹੋਏ ਪੂਰੇ
ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੇ ਦਿੱਤੀ ਵਧਾਈ
ਰੋਹਿਤ ਗੁਪਤਾ
ਗੁਰਦਾਸਪੁਰ , 8 ਫਰਵਰੀ 2025 :
ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਛੋਟੇ ਜਿਹੇ ਸਰਹੱਦੀ ਪਿੰਡ ਦਬੁਰਜੀ ਦਾ ਵਸਨੀਕ ਮਾਸਟਰ ਰਵੀ ਕੁਮਾਰ ਮੰਗਲਾ ਪੂਰੀ ਦੁਨੀਆ ਵਿੱਚ ਆਪਣੀ ਕਲਮ ਦੇ ਰਾਹੀਂ ਸਾਹਿਤ ਪ੍ਰੇਮੀਆਂ,ਸਾਹਿਤ ਸਭਾਵਾਂ ਅਤੇ ਸਾਹਿਤਕਾਰਾਂ ਦੇ ਦਿਲਾਂ ਦੀ ਧੜਕਣ ਬਣਿਆ ਹੋਇਆ ਹੈ। ਪੂਰੀ ਦੁਨੀਆਂ ਵਿੱਚ ਅੱਜ ਕੱਲ੍ਹ ਜੇਕਰ ਕੋਈ ਦੋਹੜੇ ਸਿਰਜ ਰਿਹਾ ਹੈ ਤਾਂ ਉਹ ਮਾਸਟਰ ਰਵੀ ਕੁਮਾਰ ਮੰਗਲਾ ਜੀ ਹਨ । ਮਾਸਟਰ ਰਵੀ ਕੁਮਾਰ ਮੰਗਲਾ ਦਾ ਜਨਮ 30 ਅਕਤੂਬਰ 1969 ਨੂੰ ਮਾਤਾ ਬ੍ਰਹਮੀ ਦੇਵੀ ਅਤੇ ਪਿਤਾ ਸ੍ਰੀ ਰਤਨ ਚੰਦ ਦੇ ਘਰ ਇਹਨਾਂ ਦੇ ਨਾਨਕੇ ਸੈਣਗੜ੍ਹ ਪਠਾਨਕੋਟ ਵਿਖੇ ਹੋਇਆ। ਬਚਪਨ ਤੋਂ ਹੀ ਇਹ ਬਹੁਤ ਹੁਸ਼ਿਆਰ ਸਨ ਅਤੇ ਉਨ੍ਹਾਂ ਦਿਨਾਂ ਵਿੱਚ ਬਨੇਰਿਆਂ ਤੇ ਵੱਜਦੇ ਸਪੀਕਰਾਂ ਵਿਚ ਪੰਜਾਬੀ ਗੀਤਾਂ ਨੂੰ ਗਾ ਕੇ ਆਪਣੇ ਪਰਿਵਾਰ ਅਤੇ ਪਿੰਡ ਵਿੱਚ ਰੌਣਕ ਲਾਈ ਰੱਖਦੇ ਸਨ ।
ਆਪਣੇ ਸਾਥੀਆਂ ਵਿੱਚ ਬਹੁਤ ਹੀ ਹਰਮਨਪਿਆਰੇ ਰਹੇ ਰਵੀ ਕੁਮਾਰ ਨੇ ਪੰਜਵੀਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਬੁਰਜੀ ਬਲਾਕ ਦੋਰਾਂਗਲਾ ਤੋਂ ਪਾਸ ਕਰਨ ਉਪਰੰਤ ਸਰਕਾਰੀ ਹਾਈ ਸਕੂਲ ਮਰਾੜਾ ਤੋਂ ਦਸਵੀਂ ਅਤੇ ਆਰੀਆ ਹਾਇਰ ਸੈਕੰਡਰੀ ਸਕੂਲ ਦੀਨਾਨਗਰ ਤੋਂ ਹਾਇਰ ਸੈਕੰਡਰੀ ਅਤੇ ਐਸ ਐਸ ਐਮ ਕਾਲਜ ਤੋਂ ਬੀ ਏ ਪਾਸ ਕੀਤੀ ।ਘਰ ਵਿੱਚ ਗ਼ਰੀਬੀ ਹੋਣ ਕਰਕੇ ਆਪ ਜੀ ਨੇ ਕ੍ਰਿਸ਼ਨਾ ਮੈਡੀਕੌਜ ਢਾਂਘੂ ਰੋਡ ਪਠਾਨਕੋਟ ਵਿਖੇ ਅਸਿਸਟੈਂਟ ਅਤੇ ਫਿਰ ਬਲਦੇਵ ਹਸਪਤਾਲ ਪਠਾਨਕੋਟ ਵਿਖੇ ਬਤੌਰ ਨਰਸਿੰਗ ਅਸਿਸਟੈਂਟ ਨੌਕਰੀ ਕੀਤੀ । ਇਸ ਤੋਂ ਬਾਅਦ ਬਾਹਰੀ ਹਸਪਤਾਲ ਦੀਨਾਨਗਰ ਵਿਖੇ ਬਤੌਰ ਲੈਬਾਰਟਰੀ ਟੈਕਨੀਸ਼ੀਅਨ ਸੇਵਾਵਾਂ ਨਿਭਾਉਂਦੇ ਹੋਏ ਇਹਨਾਂ ਦਾ ਅਧਿਆਪਕ ਮਨ ਹਸਪਤਾਲ ਵਿੱਚ ਨਾ ਲੱਗਾ ਤਾਂ ਇਹਨਾਂ ਨੇ ਇਹ ਨੌਕਰੀ ਛੱਡ ਕੇ ਮਿਨਰਵਾ ਪਬਲਿਕ ਸਕੂਲ ਦੀਨਾਨਗਰ ਵਿਖੇ ਬਤੌਰ ਅਧਿਆਪਕ ਸੇਵਾਵਾਂ ਨਿਭਾਈਆਂ, ਉਪਰੰਤ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਸ਼੍ਰੀ ਅੰਮ੍ਰਿਤਸਰ ਤੋਂ ਬੀ ਐਡ ਤੇ ਫਿਰ ਗੁਰੂਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ ਏ ਪੁਲੀਟੀਕਲ ਸਾਇੰਸ ਪਾਸ ਕਰਨ ਉਪਰੰਤ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਨ ਸ਼ੁਰੂ ਕੀਤਾ। ਘਰ ਵਿੱਚ ਚਾਰ ਭਰਾਵਾਂ ਤੇ ਇੱਕ ਭੈਣ ਵਿੱਚ ਆਪ ਸੱਭ ਤੋਂ ਵੱਡੇ ਹਨ ।ਮਾਤਾ ਬ੍ਰਹਮੀ ਦੇਵੀ ਦਾ ਇਹ ਲਾਲ ਬਚਪਨ ਤੋਂ ਹੀ ਗ਼ਰੀਬੀ ਨਾਲ ਜੂਝਦੇ ਹੋਇਆ ਪੜ੍ਹਾਈ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦੇ ਕੰਮ ਵਿੱਚ ਹੱਥ ਵਟਾਉਂਦਾ ਹੋਇਆ ਆਪਣੇ ਭੈਣ ਭਰਾਵਾਂ ਨੂੰ ਉਂਗਲੀ ਲਾ ਕੇ ਜ਼ਿੰਦਗੀ ਦੇ ਸਫ਼ਰ ਤੇ ਅੱਗੇ ਵੱਧਦਾ ਗਿਆ। ਜਿੱਥੇ ਭੈਣ ਭਰਾਵਾਂ ਦੇ ਦਿਲ ਵਿੱਚ ਖਿੱਚ ਬਣਾਈ ਉੱਥੇ ਹੀ ਬਹੁਤ ਪਿਆਰੀ ਤੇ ਹੋਣਹਾਰ ਧਰਮ ਪਤਨੀ ਕਵਿਤਾ ਦੇਵੀ ਦੇ ਨਾਲ ਮਿਲ ਕੇ ਆਪਣੀ ਜ਼ਿੰਦਗੀ ਦੇ ਰਾਹ ਤੇ ਤੁਰਦੇ ਹੋਏ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਜੀਵਨ ਬਤੀਤ ਕਰਨ ਲੱਗੇ ।
ਪਰਮਾਤਮਾ ਦੀ ਕ੍ਰਿਪਾ ਸਦਕਾ ਇਹਨਾਂ ਦੇ ਘਰ ਦੋ ਹੋਣਹਾਰ ਚਿਰਾਗਾਂ, (ਅਹਿਸਾਸ ਮੰਗਲਾ ਅਤੇ ਦੀਪਾਂਸੂ ਮੰਗਲਾ)ਦੀ ਬਖਸ਼ਿਸ਼ ਹੋਈ ਹੈ।ਇਹ ਦੋਵੇਂ ਭਰਾ ਵੀ ਬਾਪ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਆਪਣੀ ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਆਪੋ ਆਪਣੇ ਰੁਚੀਆਂ ਮੁਤਾਬਕ ਮਾਤਾ ਪਿਤਾ ਵਲੋਂ ਮਿਲੇ ਹੁੰਗਾਰੇ ਨਾਲ ਨਾਮ ਰੌਸ਼ਨ ਕਰ ਰਹੇ ਹਨ।ਅੱਜ ਕੱਲ੍ਹ ਮਾਸਟਰ ਰਵੀ ਕੁਮਾਰ ਮੰਗਲਾ ਪਿੰਡ ਦਬੁਰਜੀ ਵਿਖੇ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿ ਕੇ ਦਿਨ ਰਾਤ ਸਾਹਿਤ ਸਿਰਜਣਾ ਵਿਚ ਲੱਗੇ ਹੋਏ ਹਨ।
ਅੱਜ ਜਦੋਂ ਪੱਤਰਕਾਰ ਇਹਨਾਂ ਨੂੰ ਮਿਲਣ ਇਹਨਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੇ ਕਹਾਣੀ ਲਿਖਣੀ ਸ਼ੁਰੂ ਕੀਤੀ।ਜਿਸ ਦੇ ਤਹਿਤ ਉਹਨਾਂ ਨੇ ਦੋ ਕਹਾਣੀ ਸੰਗ੍ਰਹਿ ਤਿਆਰ ਕੀਤੇ ਜਿਹੜੇ ਸੰਨ 1988 ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਦੀ ਭੇਂਟ ਚੜ੍ਹ ਗਏ।ਇਸ ਤੋਂ ਬਾਅਦ ਇਹਨਾਂ ਨੇ ਖੁੱਲ੍ਹੀ ਕਵਿਤਾ ਲਿਖਣੀ ਸ਼ੁਰੂ ਕੀਤੀ ਤੇ ਆਪਣੇ ਕਿੱਤੇ ਦੇ ਨਾਲ ਨਾਲ ਸਾਹਿਤ ਸਿਰਜਣਾ ਵੀ ਕਰਦੇ ਗਏ। ਉਹਨਾਂ ਦੱਸਿਆ ਕਿ ਪਰਮਾਤਮਾ ਦੀ ਕ੍ਰਿਪਾ ਹੋਈ ਤੇ ਇੱਕ ਦਿਨ ਉਹਨਾਂ ਦਾ ਮੇਲ ਸਾਹਿਤ ਸ਼ਿਰੋਮਣੀ ਉਸਤਾਦ ਬਲਵਿੰਦਰ ਬਾਲਮ ਜੀ ਨਾਲ ਹੋਇਆ ਤੇ ਉਹਨਾਂ ਨੇ ਉਂਗਲੀ ਲਾ ਕੇ ਕਵਿਤਾਵਾਂ ਵੱਲ ਤੋਰਿਆ ਤੇ ਬਹਿਰ ਵਜ਼ਨ ਵਿੱਚ ਕਵਿਤਾ ਲਿਖਣ ਲਈ ਪ੍ਰੇਰਿਤ ਕੀਤਾ।ਇਸ ਤੋਂ ਬਾਅਦ ਆਪ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੀਨਾਨਗਰ ਵਿਖੇ ਮਾਸਟਰ ਧਿਆਨ ਸਿੰਘ ਸ਼ਾਹ ਸਿਕੰਦਰ ਜੀ ਹੋਰਾਂ ਨਾਲ ਜੁੜ ਗਏ ਜਿਹਨਾਂ ਨੇ ਦੋਹੜੇ ਸਿਰਜਣ ਦੀ ਗੁੜ੍ਹਤੀ ਦਿੱਤੀ ਤੇ ਅੱਜ ਦੋਹੜਿਆ ਦਾ ਅੰਕੜਾ ਦੋ ਹਜ਼ਾਰ ਤੋਂ ਪਾਰ ਹੋ ਗਿਆ ਹੈ। ਹੁਣ ਤੱਕ ਮਾਸਟਰ ਰਵੀ ਕੁਮਾਰ ਮੰਗਲਾ ਜੀ ਨੂੰ ਕਈ ਸਾਹਿਤ ਸਭਾਵਾਂ ਵਲੋਂ ਮਾਣ ਸਨਮਾਨ ਦਿੱਤਾ ਗਿਆ ਹੈ। ਜਿਨਾਂ ਵਿੱਚ ਇਰਾਵਤੀ ਸਾਹਿਤ ਸਭਾ ਫੂਲਪੁਰ, ਭਾਸ਼ਾ ਵਿਭਾਗ ਗੁਰਦਾਸਪੁਰ ਈਸ਼ਵਰ ਚੰਦਰ ਨੰਦਾ ਮੈਮੋਰੀਅਲ ਸਾਹਿਤ ਸਭਾ ਗਾਂਧੀਆਂ ਪਨਿਆੜ,ਪੰਜਾਬੀ ਸਾਹਿਤ ਸਭਾ ਅਤੇ ਕਲਾ ਕੇਂਦਰ ਤਰਨਤਾਰਨ ਵਲ੍ਹੋਂ ਆਪ ਜੀ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਚਲਦੇ ਸਾਹਿਤਿਕ ਗਰੁੱਪਾਂ ਵਿੱਚ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ, ਕਲਮਾਂ ਦਾ ਕਾਫ਼ਲਾ, ਕਲਮਾਂ ਦਾ ਸਫ਼ਰ,ਮਹਿਕਦੇ ਅਲਫਾਜ਼,ੳਅੲ ਅਦਬੀ ਕਿਰਨਾਂ ਅਤੇ ਕਲਮਾਂ ਦਾ ਕਾਫ਼ਲਾ ਪਰਿਵਾਰ ਪਠਾਨਕੋਟ ਵਲੋਂ ਚਲਾਏ ਜਾ ਰਹੇ ਸਾਹਿਤਕ ਮੁਕਾਬਲਿਆਂ ਵਿੱਚ ਸੌ ਤੋਂ ਵੀ ਜ਼ਿਆਦਾ ਪਹਿਲੇ ਦੂਜੇ ਤੇ ਤੀਜੇ ਸਥਾਨ ਦੇ ਇਨਾਮ ਹਾਸਲ ਕੀਤੇ ਹਨ ।ਦੋਹੜਿਆ ਤੋਂ ਇਲਾਵਾ ਮਾਸਟਰ ਰਵੀ ਕੁਮਾਰ ਮੰਗਲਾ ਨੇ ਚਾਰ ਕਹਾਣੀ ਸੰਗ੍ਰਹਿ,ਦੋ ਗ਼ਜ਼ਲ ਸੰਗ੍ਰਹਿ,ਇੱਕ ਬਾਲ ਕਾਵਿ ਸੰਗ੍ਰਹਿ,ਇੱਕ ਖੁੱਲੀ ਕਵਿਤਾ ਦੀ ਕਿਤਾਬ ਦੇ ਖਰੜੇ ਤਿਆਰ ਕਰ ਲਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਕਿਤਾਬੀ ਰੂਪ ਦੇ ਕੇ ਸਾਹਿਤ ਜਗਤ ਦੀ ਝੋਲੀ ਵਿੱਚ ਪਾਇਆ ਜਾਵੇਗਾ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਸਰਕਾਰ ਵਲੋਂ ਕੋਈ ਸਹਾਇਤਾ ਮਿਲਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਸਾਹਿਤ ਦੀ ਸਿਰਜਣਾ ਕਿਸੇ ਲਾਲਚ ਵਸ ਨਹੀਂ ਕਰ ਰਹੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਰਚਨਾਵਾਂ ਤੋਂ ਹਰ ਵਿਅਕਤੀ ਨੂੰ ਸੇਧ ਮਿਲੇ ਇਸ ਲਈ ਉਹ ਵਧੀਆ ਸਾਹਿਤ ਸਿਰਜਣ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਆਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ੇ ਤਾਂ ਜ਼ੋ ਇਹ ਆਪਣੇ ਸਾਹਿਤਕ ਸਫ਼ਰ ਵਿੱਚ ਹੋਰ ਮੁਕਾਮ ਹਾਸਲ ਕਰਨ ।
ਮਾਸਟਰ ਰਵੀ ਕੁਮਾਰ ਮੰਗਲਾ ਦੇ ਦੋ ਹਜ਼ਾਰ ਦੋਹੜੇ ਪੂਰੇ ਹੋਣ ਤੇ ਦੁਨੀਆਂ ਭਰ ਦੇ ਸਾਹਿਤਕਾਰਾਂ,ਸਾਹਿਤ ਪ੍ਰੇਮੀਆਂ, ਅਤੇ ਪਾਠਕਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਅਤੇ ਉਹਨਾਂ ਦੇ ਲਿਖੇ ਦੋਹੜਿਆ ਦੀ ਸਰਾਹਣਾ ਕੀਤੀ ਹੈ।