ਫਤਿਹਗੜ੍ਹ ਚੂੜੀਆਂ : ਸੁਨਿਆਰੇ ਭਰਾਵਾਂ ਤੇ ਫਾਇਰਿੰਗ ਮਾਮਲੇ ਵਿੱਚ ਨਵਾਂ ਮੋੜ
ਦੂਜੇ ਧਿਰ ਦੇ ਨੌਜਵਾਨ ਦੀ ਮੌਤ ਨੂੰ ਲੈ ਕੇ ਕਿਸਾਨਾਂ ਨਾਲ ਪਰਿਵਾਰ ਨੇ ਐਸਐਸਪੀ ਦਫਤਰ ਦੇ ਮੂਹਰੇ ਦਿੱਤਾ ਧਰਨਾ
ਰੋਹਿਤ
ਗੁਰਦਾਸਪੁਰ , 8 ਫਰਵਰੀ 2025 :
ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆ ਚ ਬੀਤੀ 5 ਫਰਵਰੀ ਨੂੰ ਦੇਰ ਰਾਤ ਸੁਨਿਆਰੇ ਭਰਾਵਾਂ ਤੇ ਫਾਇਰਿੰਗ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ । ਘਟਨਾ ਵਿੱਚ ਜ਼ਖਮੀ ਦੋਨੋਂ ਸੁਨਾਆਰੇ ਭਰਾਵਾਂ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ ਜਦਕਿ ਫਾਇਰਿੰਗ ਕਰਨ ਵਾਲਿਆਂ ਵਿੱਚੋਂ ਵੀ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਮ੍ਰਿਤਕ ਹਰਨੇਕ ਸਿੰਘ ਦੇ ਪਰਿਵਾਰ ਨੇ ਖੁਲਾਸਾ ਕੀਤਾ ਹੈ ਕਿ ਸੁਨਿਆਰੇ ਪਰਿਵਾਰ ਅਤੇ ਨੌਜਵਾਨ ਹਰਨੇਕ ਸਿੰਘ ਦੀ ਗੱਡੀ ਦੀ ਟੱਕਰ ਹੋਣ ਤੋ ਬਾਦ ਖੂਨੀ ਝੜਪ ਹੋਈ ਸੀ ਅਤੇ ਝੜਪ ਵਿੱਚ ਦੋਨਾਂ ਪਾਸਿਓਂ ਗੋਲੀਆਂ ਚੱਲੀਆਂ ਸੀ , ਜਿਸ ਦੌਰਾਨ ਸੁਨਿਆਰੇ ਭਰਾ ਜਖਮੀ ਹੋਏ ਅਤੇ ਹਰਨੇਕ ਸਿੰਘ ਜੋ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਅਤੇ ਇੱਕ ਨਿੱਜੀ ਸਕੂਲ ਵਿੱਚ ਟੀਚਰ ਦੱਸਿਆ ਜਾ ਰਿਹਾ ਹੈ ਦੇ ਗੋਲੀ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਤਿੰਨ ਦਿਨ ਬੀਤਣ ਤੋ ਬਾਦ ਵੀ ਹਰਨੇਕ ਸਿੰਘ ਦਾ ਪੋਸਟਮਾਰਟਮ ਨਹੀ ਹੋਇਆ ਹੈ ਅਤੇ ਲਾਸ਼ ਸਿਵਿਲ ਹਸਪਤਾਲ ਵਿੱਚ ਹੀ ਪਈ ਹੈ। ਪੁਲਿਸ ਵਲੋਂ ਉਹਨਾ ਦੇ ਬਿਆਨ ਨਹੀ ਲਾਏ ਜਾ ਰਹੇ ਅਤੇ ਹੁਣ ਤਕ ਉਹਨਾਂ ਵਲੋ ਕੋਈ ਕੇਸ ਨਹੀ ਦਰਜ ਕੀਤਾ ਗਿਆ ਜਦਕਿ ਉਲਟਾ ਮ੍ਰਿਤਕ ਹਰਨੇਕ ਸਿੰਘ ਅਤੇ ਉਸਦੇ ਨਾਲ ਗੱਡੀ ਚ ਸਵਾਰ ਉਸਦੇ ਸਾਥੀਆ ਦੇ ਖਿਲਾਫ ਲੁੱਟ ਕਰਨ ਦੀ ਸਾਜਿਸ਼ ਦੇ ਝੂਠੇ ਆਰੋਪ ਲਗਾਉਂਦੇ ਹੋਏ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ।
ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਤਾਂ ਅੰਮ੍ਰਿਤਸਰ ਤੋ ਵਾਪਸ ਆ ਰਿਹਾ ਸੀ ਅਤੇ ਰਸਤੇ ਚ ਕਾਰ ਦੀ ਟੱਕਰ ਹੋਣ ਨਾਲ ਮਾਮੂਲੀ ਤਕਰਾਰ ਹੋਈ ਜਿਸ ਤੋਂ ਬਾਅਦ ਉਸਦੇ ਪਤੀ ਨੂੰ ਗੋਲੀਆਂ ਮਾਰਕੇ ਉਸਦੀ ਹੱਤਿਆ ਕੀਤੀ ਗਈ ਹੈ। ਲੇਕਿਨ ਉਸ ਦੀ ਪੁਲਿਸ ਕੋਈ ਸੁਣਵਾਈ ਨਹੀ ਕਰ ਰਹੀ ਅਤੇ ਉਸਦੇ ਛੋਟੇ ਛੋਟੇ ਬੱਚੇ ਹਨ । ਮਜ਼ਬੂਰਨ ਉਹ ਐਸ ਐਸ ਪੀ ਦਫਤਰ ਦੇ ਬਾਹਰ ਇਨਸਾਫ ਲੈਣ ਲਈ ਬੈਠੇ ਹਨ ਅਤੇ ਉਦੋਂ ਤਕ ਧਰਨਾ ਜਾਰੀ ਰਹੇਗਾ ਜਦ ਤਕ ਕਤਲ ਦਾ ਮਾਮਲਾ ਦਰਜ ਨਹੀ ਹੁੰਦਾ । ਦੱਸ ਦਈਏ ਕਿ ਇਸ ਧਰਨੇ ਚ ਇਲਾਕੇ ਦੇ ਵੱਡੀ ਗਿਣਤੀ ਚ ਲੋਕ ਅਤੇ ਜਿਸ ਸਕੂਲ ਚ ਹਰਨੇਕ ਨੌਕਰੀ ਕਰਦਾ ਸੀ ਉਥੋਂ ਦਾ ਟੀਚਰ ਸਟਾਫ ਵੀ ਸ਼ਾਮਿਲ ਹੋ ਗਿਆ ਹੈ।