ਸੁਰੱਖਿਅਤ ਜਣੇਪੇ ਲਈ ਗਰਭ ਅਵਸਥਾ ਤੋਂ ਹੀ ਚੌਕਸੀ ਜ਼ਰੂਰੀ : ਡਾ. ਰਿਤੂ ਦੀਪਤੀ
ਕਮਿਊਨਿਟੀ ਹੈਲਥ ਸੈਂਟਰ, ਰਾਹੋਂ ਵਿਖੇ “ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ” ਤਹਿਤ ਗਰਭਵਤੀ ਔਰਤਾਂ ਦੀ ਮੁਫ਼ਤ ਏ.ਐੱਨ.ਸੀ. ਜਾਂਚ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 08 ਫਰਵਰੀ,2025
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਤੇ ਕਮਿਊਨਿਟੀ ਹੈਲਥ ਸੈਂਟਰ, ਰਾਹੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਨੀਆ ਦੀ ਯੋਗ ਰਹਿਨੁਮਾਈ ਹੇਠ ਕਮਿਊਨਿਟੀ ਹੈਲਥ ਸੈਂਟਰ, ਰਾਹੋਂ ਵਿਖੇ ਅੱਜ “ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ” ਤਹਿਤ ਗਰਭਵਤੀ ਔਰਤਾਂ ਦੀ ਏ.ਐੱਨ.ਸੀ. ਜਾਂਚ ਕੀਤੀ ਗਈ। ਇਸ ਦੌਰਾਨ ਸਿਹਤ ਅਫਸਰਾਂ ਵਲੋਂ ਗਰਭਵਤੀ ਔਰਤਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਲੋੜ 'ਤੇ ਜ਼ੋਰ ਦੇਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਮੈਡੀਕਲ ਅਫ਼ਸਰ ਡਾ ਰਿਤੂ ਦੀਪਤੀ ਨੇ ਦੱਸਿਆ ਕਿ “ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ” ਦਾ ਮੁੱਖ ਮੰਤਵ ਮਾਤਰੀ ਮੌਤ ਦਰ ਘਟਾਉਣ ਲਈ ਗਰਭਵਤੀ ਔਰਤਾਂ ਨੂੰ ਕੁਆਲਿਟੀ ਐਂਟੀਨੇਟਲ ਕੇਅਰ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਦੇਸ਼ ਵਿੱਚ ਹਰ ਸਾਲ ਅੰਦਾਜ਼ਨ 30 ਹਜ਼ਾਰ ਗਰਭਵਤੀ ਔਰਤਾਂ ਦੀ ਮੌਤ ਹੋ ਜਾਂਦੀ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਗਰਭਵਤੀ ਔਰਤਾਂ ਖ਼ਾਸ ਕਰਕੇ ਹਾਈਰਿਸਕ ਔਰਤਾਂ ਦੀ ਸਮੇਂ-ਸਮੇਂ ’ਤੇ ਉੱਚਿਤ ਸਿਹਤ ਜਾਂਚ ਕੀਤੀ ਜਾਵੇ ਤਾਂ ਮਾਂ ਅਤੇ ਬੱਚੇ ਦੀਆਂ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਮਾਤਰੀ ਮੌਤ ਦਰ ਘਟਾਉਣ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਜਣੇਪੇ ਤੋਂ ਪਹਿਲਾਂ ਚਾਰ ਏ.ਐੱਨ.ਸੀ. ਜਾਂਚ ਕਰਵਾਉਣਾ ਬੇਹੱਦ ਜ਼ਰੂਰੀ ਹੈ, ਇਸ ਲਈ ਸਿਹਤ ਵਿਭਾਗ ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਯਤਨਸ਼ੀਲ ਹੈ। ਸੁਰੱਖਿਅਤ ਜਣੇਪੇ ਲਈ ਗਰਭ ਅਵਸਥਾ ਤੋਂ ਹੀ ਚੌਕਸੀ ਜ਼ਰੂਰੀ ਹੈ।
ਡਾ. ਦੀਪਤੀ ਨੇ ਦੱਸਿਆ ਕਿ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਉਣ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਾਰੀਆਂ ਸਰਕਾਰੀ ਸੰਸਥਾਵਾਂ ਵਿੱਚ ਹਰ ਮਹੀਨੇ ਦੀ 9 ਤਰੀਕ ਅਤੇ 23 ਤਰੀਕ ਨੂੰ ਵਿਸ਼ੇਸ਼ ਤੌਰ 'ਤੇ ਹਾਈਰਿਸਕ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਲੋੜਵੰਦ ਅਤੇ ਗਰਭਵਤੀ ਔਰਤਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਲੋੜਵੰਦ ਗਰਭਵਤੀ ਔਰਤਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਅੰਦਰ ਹੁਣ ਤੱਕ ਹਜ਼ਾਰਾਂ ਗਰਭਵਤੀ ਔਰਤਾਂ ਵੱਲੋਂ ਲਾਭ ਉਠਾਇਆ ਜਾ ਚੁੱਕਿਆ ਹੈ।
ਇਸੇ ਦੌਰਾਨ ਮੈਡੀਕਲ ਅਫ਼ਸਰ ਡਾ ਗੁਰਪਿੰਦਰ ਕੌਰ ਨੇ ਲੋੜਵੰਦ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਪਹੁੰਚ ਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋੰ ਇਲਾਵਾ ਐੱਲ ਐੱਚ ਵੀ ਕੁਲਬੀਰ ਕੌਰ ਤੇ ਏ ਐੱਨ.ਐੱਮ ਹਰਜਿੰਦਰ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਤੇ ਆਸ਼ਾ ਵਰਕਰਾਂ ਮੌਜੂਦ ਸਨ।