CIA ਸਟਾਫ਼ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲਾ ASI ਕਾਬੂ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ : ਅੰਮ੍ਰਿਤਸਰ ਥਾਣਾ ਮੋਹਕਮਪੁਰਾ ਦੀ ਪੁਲਿਸ ਨੇ ਸੀਆਈਏ ਸਟਾਫ਼ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲੇ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਾਜ਼ਮ ਦੀ ਪਛਾਣ ਐੱਲਆਰ/ਏਐੱਸਆਈ ਗੁਰਜੀਤ ਸਿੰਘ ਵਜੋਂ ਹੋਈ ਹੈ। ਇੰਸਪੈਕਟਰ ਸੁਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੁਦੱਈ ਬੇਬੀ ਦੇ ਬਿਆਨ ’ਤੇ ਮੁਕੱਦਮਾ ਦਰਜ਼ ਕਰਕੇ ਸੀਆਈਏ ਸਟਾਫ਼ ਦਾ ਨਕਲੀ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲੇ ਮੁਲਾਜ਼ਮ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਸੀਪੀ ਆਲਮ ਵਿਜੈ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦਰਖਾਸਤ ਮਿਲੀ ਸੀ ਕਿ 01 ਫਰਵਰੀ ਨੂੰ ਸ਼ਾਮ 5 ਵਜੇ ਬੌਬੀ ਆਪਣੇ ਘਰ ’ਚ ਮੌਜੂਦ ਸੀ। ਬਾਹਰੋਂ ਦਰਵਾਜਾ ਖੜ੍ਹਕਾਉਣ ਦੀ ਆਵਾਜ਼ ਆਈ ਤੇ ਉਸ ਦੇ ਘਰ ਵਿਚ ਚਾਰ ਵਿਅਕਤੀ ਜਬਰਦਸਤੀ ਦਾਖਲ ਹੋਏ। ਇਕ ਵਿਅਕਤੀ ਘਰ ਦੇ ਬਾਹਰ ਖੜ੍ਹਾ ਰਿਹਾ। ਜਿਨ੍ਹਾਂ ਨੇ ਮੁਦੱਈ ਨੂੰ ਕਿਹਾ ਕਿ ਪੁਲਿਸ ਮੁਲਾਜ਼ਮ ਹਾਂ ਅਤੇ ਘਰ ਦੀ ਤਲਾਸ਼ੀ ਲੈਣੀ ਹੈ ਤੇ ਜਦੋਂ ਉਹ ਚਾਰੇ ਘਰੋਂ ਚਲੇ ਗਏ ਤਾਂ ਮੁਦੱਈ ਨੇ ਆਪਣੇ ਘਰ ਦੀ ਸੀਸੀਟੀਵੀ ਚੈੱਕ ਕੀਤੇ ਤਾਂ ਉਸ ਦੀ ਅਲਮਾਰੀ ਵਿਚੋਂ 1.60 ਲੱਖ ਰੁਪਏ ਗਾਇਬ ਸਨ।
ਮੁਦੱਈ ਨੇ ਦੱਸਿਆ ਕਿ ਉਸ ਦੇ ਘਰ ਵਿਚ ਦਾਖਲ ਹੋਣ ਵਾਲੇ 5 ਵਿਅਕਤੀਆਂ ’ਚੋਂ ਇੱਕ ਸੁਰਿੰਦਰ ਮੋਹਨ ਪੁਲਿਸ ਮੁਲਾਜ਼ਮ ਜੋ ਰਿਟਾਇਰ ਹੋ ਚੁੱਕਾ ਹੈ, ਇਸ ਦੇ ਨਾਲ ਥਾਣੇਦਾਰ ਗੁਰਜੀਤ ਸਿੰਘ ਹੈ। ਬਾਕੀ ਤਿੰਨ ਨਾਮਾਲੂਮ ਵਿਅਕਤੀ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਜਾਂਚ ’ਚ ਮੁਲਜ਼ਮ ਐੱਲਆਰ/ਏਐੱਸਆਈ ਗੁਰਜੀਤ ਸਿੰਘ ਨੂੰ 6 ਫਰਵਰੀ ਨੂੰ ਨਿਊ ਪ੍ਰਤਾਪ ਨਗਰ ਸਾਹਮਣੇ ਅਲਫਾ ਮਾਲ ਅੰਮ੍ਰਿਤਸਰ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਤਫਤੀਸ਼ ਦੌਰਾਨ ਮੁਦੱਈ ਨੇ ਦੱਸਿਆ ਕਿ ਸਾਬਕਾ ਇੰਸਪੈਕਟਰ ਸੁਰਿੰਦਰ ਮੋਹਨ ਅਤੇ ਐੱਲਆਰ/ਏਐੱਸਆਈ ਗੁਰਜੀਤ ਸਿੰਘ ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਜਾਂਦੇ ਸਮੇਂ ਜੇਬ ’ਚੋਂ 5 ਹਜ਼ਾਰ ਰੁਪਏ ਜ਼ਬਰਦਸਤੀ ਕੱਢ ਕੇ ਲੈ ਗਏ ਸਨ। ਇਸ ’ਤੇ ਮੁਕੱਦਮੇ ਵਿਚ ਵਾਧਾ ਕੀਤਾ ਗਿਆ ਹੈ। ਮੁਲਜ਼ਮ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।