ਬਠਿੰਡਾ ਦੇ ਵਕੀਲ ਭਾਈਚਾਰੇ ਵੱਲੋਂ ਇਨਸਾਫ਼ ਖਾਤਰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 8 ਫਰਵਰੀ 2025:ਬਠਿੰਡਾ ਦੇ ਵਕੀਲ ਜਸਪਿੰਦਰ ਸਿੰਘ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਪੁਲਿਸ ਵਲੋਂ ਠੰਢੇ ਬਸਤੇ ਵਿਚ ਪਾਏ ਜਾਣ ਦੇ ਰੋਸ ਵਜੋਂ ਬਠਿੰਡਾ ਦੀ ਬਾਰ ਐਸੋਸੀਏਸ਼ਨ ਨੇ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਵਕੀਲ ਭਾਈਚਾਰੇ ਨੇ ਅੱਜ ਧਰਨਾ ਦਿੱਤਾ ਅਤੇ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ। ਹਾਲਾਂਕਿ ਜ਼ਿਲ੍ਹਾ ਪੁਲਿਸ ਦੇ ਇੱਕ ਡੀਐਸਪੀ ਨੇ ਵੀਡੀਓ ਜਾਰੀ ਕਰਕੇ ਕਾਰਵਾਈ ਚੱਲ ਰਹੀ ਹੋਣ ਦਾ ਦਾਅਵਾ ਕੀਤਾ ਪਰ ਫਿਰ ਵੀ ਵਕੀਲਾਂ ਨੇ ਧਰਨਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਸਾਥੀ ਦੇ ਮਾਮਲੇ ਵਿੱਚ ਇਨਸਾਫ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਵਕੀਲ ਭਾਈਚਾਰੇ ਦਾ ਵਤੀਰਾ ਦੇਖਦਿਆ ਇਸ ਮਾਮਲੇ ਦੇ ਹੋਰ ਤੇਜ਼ੀ ਫੜਨ ਦੇ ਅਸਾਰ ਹਨ। ਪਿਛਲੇ ਕੁਝ ਸਾਲਾਂ ਦੌਰਾਨ ਇਹ ਤੀਸਰਾ ਮਾਮਲਾ ਹੈ ਜਦੋਂ ਪੁਲਿਸ ਪ੍ਰਸ਼ਾਸਨ ਖਿਲਾਫ ਬਠਿੰਡਾ ਦੇ ਵਕੀਲ ਸੜਕਾਂ ਤੇ ਉਤਰੇ ਹਨ।
ਵਕੀਲਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣ ਦੀ ਤਿਆਰੀ ਵਿੱਚ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ।ਇਸ ਮੌਕੇ ਹਮਲੇ ਦਾ ਸ਼ਿਕਾਰ ਵਕੀਲ ਜਸਪਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਘਟਨਾ ਵਾਲੇ ਦਿਨ ਪੁਲਿਸ 5 ਘੰਟੇ ਦੇਰੀ ਨਾਲ ਪਹੁੰਚੀ ਜਿਸ ਤੋਂ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਦਾ ਇਰਾਦਾ ਪਹਿਲਾਂ ਤੋਂ ਹੀ ਸਾਫ ਨਹੀਂ ਸੀ। ਉਨ੍ਹਾਂ ਇਸ ਮੌਕੇ ਗੋਲੀਆਂ ਚਲਾਉਣ ਵਾਲੇ ਸ਼ੱਕੀ ਦਾ ਨਾਮ ਵੀ ਜਾਹਰ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਪੁਲਿਸ ਦੇ ਬਤੀਤ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਸਾਡੇ ਸਾਥੀ ਨੂੰ ਇਨਸਾਫ਼ ਨਹੀਂ ਮਿਲੇਗਾ। ਉਨ੍ਹੀ ਦੇਰ ਧਰਨਾ ਜਾਰੀ ਰੱਖਿਆ ਜਾਵੇਗਾ। ਉਹਨਾਂ ਸਪਸ਼ਟ ਕੀਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਢੰਗ ਸਰਕਾਰ ਵਾਲੇ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਸੂਬਾ ਪੱਧਰੀ ਸੰਘਰਸ਼ ਦਾ ਸੱਦਾ ਦਿੱਤਾ ਜਾਵੇਗਾ। ਉਧਰ ਡੀਐਸਪੀ ਸਿਟੀ ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।