ਪੀ.ਏ.ਯੂ. ਤੋਂ ਸਿਖਲਾਈ ਲੈਣ ਵਾਲੀਆਂ ਬੀਬੀਆਂ ਨੇ ਰਾਜ ਪੱਧਰ ਤੇ ਆਪਣੇ ਉਤਪਾਦਾਂ ਨੂੰ ਦਿਖਾਇਆ
ਲੁਧਿਆਣਾ 20 ਜਨਵਰੀ, 2025
ਬੀਤੇ ਦਿਨੀਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਨੇ ਖੇਤੀ ਉੱਦਮੀ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਯੋਜਨਾ ‘ਸ਼ੀ’ ਦੇ ਤੀਜੇ ਪੂਰ ਨੂੰ ਲਾਂਚ ਕੀਤਾ| ਮੋਹਾਲੀ ਵਿਚ ਹੋਏ ਇਸ ਸਮਾਰੋਹ ਵਿਚ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਨ ਬਾਰੇ ਸਕੱਤਰ ਸ਼੍ਰੀ ਪ੍ਰਿੰਆਂਕ ਭਾਰਤੀ ਮੁੱਖ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਖੇਤੀ ਉੱਦਮੀਆਂ ਅਤੇ ਉਹਨਾਂ ਦੇ ਨਿਗਰਾਨਾਂ ਨੂੰ ਉਤਸ਼ਾਹਿਤ ਕੀਤਾ|
ਪੀ.ਏ.ਯੂ. ਦੇ ਪਾਬੀ ਵਿਖੇ ਸਿਖਲਾਈ ਲੈਣ ਵਾਲੇ ਉੱਦਮੀਆਂ ਜਿਨ੍ਹਾਂ ਵਿੱਚੋਂ ਮਿਲਟ ਸਿਸਟਰ ਪ੍ਰਾਈਵੇਟ ਲਿਮਿਟਡ, ਸ਼੍ਰੀਆ ਮੈਣੀ, ਆਰ ਟੀ ਐੱਸ ਫਲਾਵਰ ਅਤੇ ਬੋਟੈਨਿਕ ਹਨੀ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਇਸ ਦੌਰਾਨ ਕੀਤਾ| ਇਹਨਾਂ ਉੱਦਮੀ ਬੀਬੀਆਂ ਨੇ ਮਾਣਯੋਗ ਸਕੱਤਰ ਨਾਲ ਗੱਲਬਾਤ ਕਰਦਿਆਂ ਇਸ ਖੇਤਰ ਵਿਚ ਆਉਣ ਵਾਲੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਗੱਲ ਕੀਤੀ| ਇਸ ਦੌਰਾਨ ਪਾਬੀ ਦੇ ਸਹਾਇਕ ਪ੍ਰਬੰਧਕ ਸ਼੍ਰੀ ਰਾਹੁਲ ਗੁਪਤਾ ਅਤੇ ਕਾਰੋਬਾਰੀ ਕਾਰਜਕਾਰੀ ਸ਼੍ਰੀ ਕਰਨਬੀਰ ਸਿੰਘ ਵੀ ਮੌਜੂਦ ਸਨ|
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਪਾਬੀ ਦੇ ਮੁੱਖ ਨਿਗਰਾਨ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪਾਬੀ ਦੇ ਸਹਿ ਨਿਗਰਾਨ ਡਾ. ਪੂਨਮ ਸਚਦੇਵ ਨੇ ਇਹਨਾਂ ਕਾਰੋਬਾਰ ਬੀਬੀਆਂ ਦੀ ਕਾਮਯਾਬੀ ਲਈ ਉਹਨਾਂ ਨੂੰ ਵਧਾਈ ਦਿੰਦਿਆਂ ਪੀ.ਏ.ਯੂ. ਵੱਲੋਂ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਨ ਦਾ ਪ੍ਰਣ ਕੀਤਾ| ਉਹਨਾਂ ਆਸ ਪ੍ਰਗਟਾਈ ਕਿ ਇਸ ਸਮਾਰੋਹ ਦੌਰਾਨ ਹਾਸਲ ਕੀਤੇ ਅਨੁਭਵ ਹੋਰ ਉੱਦਮੀ ਬੀਬੀਆਂ ਲਈ ਪ੍ਰੇਰਨਾ ਦਾ ਸਰੋਤ ਬਣਨਗੇ|