Babushahi Special: ਬਠਿੰਡਿਓਂ ਨਾ ਕੋਈ ਜਾਵੇ ਸੁੱਕਾ ਹੌਲਦਾਰਾ ਚੱਲ ਕੱਟ ਦੇ ‘ਰੁੱਕਾ’
- ਲੰਘੇ ਛੇ ਸਾਲਾਂ ਦੌਰਾਨ ਲਈ ਪੁਲਿਸ ਨੇ ਚਲਾਨਾਂ ਦੀ ਝੜੀ
ਅਸ਼ੋਕ ਵਰਮਾ
ਬਠਿੰਡਾ, 9ਫਰਵਰੀ2025: ਕੋਈ ਚੋਰ ਮੋਰੀਆਂ ਰਾਹੀਂ ਲੰਘ ਗਿਆ ਹੋਵੇ ਤਾਂ ਕਿਹਾ ਨਹੀਂ ਜਾ ਸਕਦਾ ਲੰਘੇ 6 ਸਾਲਾਂ ਦੌਰਾਨ ਟਰੈਫ਼ਿਕ ਪੁਲੀਸ ਨੇ ‘ਬਠਿੰਡਿਓਂ’ ਕੋਈ ਸੁੱਕਾ ਨਹੀਂ ਜਾਣ ਦਿੱਤਾ ਹੈ ਕਿਉਂਕਿ ਉੱਪਰੋਂ ਹੋਏ ਹੁਕਮਾਂ ਨੇ ਮੁਲਾਜ਼ਮਾਂ ਦੇ ਸਾਹ ਸੁਕਾਈ ਰੱਖਦੇ ਹਨ। ਸੂਚਨਾ ਦੇ ਅਧਿਕਾਰ ਤਹਿਤ ਹਾਸਲ ਜਾਣਕਾਰੀ ਦੇ ਇਹ ਤੱਥ ਹਨ ਕਿ ਇਸ ਅਰਸੇ ਦਰਮਿਆਨ ਟਰੈਫ਼ਿਕ ਪੁਲੀਸ ਨੇ ਵਾਹਨ ਚਾਲਕਾਂ ਨੂੰ ਨਿਯਮਾਂ ਦੀ ਪਾਲਣਾ ਦਾ ਪਾਠ ਵੀ ਸਖ਼ਤੀ ਨਾਲ ਪੜ੍ਹਾਇਆ ਬਲਕਿ ਕਾਨੂੰਨ ਨੂੰ ਟਿੱਚ ਜਾਨਣ ਵਾਲਿਆਂ ਨਾਲ ਵੀ ਪੁਲਿਸ ਦਾ ਵਤੀਰਾ ਸਖਤ ਹੀ ਰਿਹਾ। ਨਾਗਰਿਕ ਹੱਕਾਂ ਦੀ ਲੜਾਈ ਲੜਨ ਵਾਲੀ ਸੰਸਥਾ ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਨੇ ਜਿਲ੍ਹਾ ਟਰੈਫਿਕ ਪੁਲਿਸ ਤੋਂ 2019 ਤੋਂ 2024 ਤੱਕ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੀ ਜਾਣਕਾਰੀ ਦੇ ਤੱਥ ਮੀਡੀਆ ਨੂੰ ਜਾਰੀ ਕੀਤੇ ਹਨ।
ਨਫਰੀ ਦੀ ਘਾਟ ਦੇ ਚੱਲਦਿਆਂ ਟਰੈਫਿਕ ਪੁਲਿਸ ਆਵਾਜਾਈ ਨੂੰ ਸੁਚਾਰੂ ਰੂਪ ’ਚ ਚਲਾਉਣ ਵੇਲੇ ਤਾਂ ਖੁੰਝੀ ਹੋ ਸਕਦੀ ਹੈ ਪਰ ਸੂਚਨਾ ਮੁਤਾਬਕ ਟਰੈਫ਼ਿਕ ਪੁਲੀਸ ਕਾਇਦੇ ਕਾਨੂੰਨ ਭੰਗ ਕਰਨ ਵਾਲਿਆਂ ਦੇ ਚਲਾਨ ਕੱਟਣ ਵਿੱਚ ਜੁਟੀ ਦਿਖਾਈ ਦਿੱਤੀ। ਟਰੈਫ਼ਿਕ ਪੁਲੀਸ ਨੇ ਇੰਨ੍ਹਾਂ ਛੇ ਵਰਿ੍ਹਆਂ ਦੌਰਾਨ ‘ਚਲਾਨਾਂ’ ਨੂੰ ਜ਼ਿਆਦਾ ਤਰਜੀਹ ਦਿੱਤੀ ਅਤੇ 1 ਲੱਖ 69 ਹਜ਼ਾਰ 63 ਚਲਾਨ ਕੱਟਕੇ ਆਮ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਉਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਾਂ ਕੀਤੀ ਤਾਂ ਟਰੈਫਿਕ ਪੁਲਿਸ ਕੋਲ ਕਾਨੂੰਨ ਦਾ ਡੰਡਾ ਤਿਆਰ ਬਰ ਤਿਆਰ ਹੈ। ਸੂਚਨਾ ਮੁਤਾਬਕ ਟਰੈਫਿਕ ਪੁਲਿਸ ਨੇ ਸਾਲ 2024 ਦੌਰਾਨ ਨਿਯਮ ਭੰਗ ਕਰਨ ਵਾਲਿਆਂ ਦੇ ਸਭ ਤੋਂ ਜਿਆਦਾ 35 ਹਜਾਰ 274 ਚਲਾਨ ਕੱਟ ਕੇ ਸਰਕਾਰੀ ਖ਼ਜ਼ਾਨਾ ਭਰਨ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਸਭ ਪੁਰਾਣੇ ਘਾਟੇ ਵਾਧੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਿਲ੍ਹਾ ਟਰੈਫਿਕ ਪੁਲਿਸ ਦਾ ਸਾਲ 2021 ਦੌਰਾਨ ਚਲਾਨ ਕਰਨ ਪੱਖੋਂ ਹੱਥ ਕੁੱਝ ਤੰਗ ਰਿਹਾ। ਇਸ ਸਾਲ ਟਰੈਫਿਕ ਪੁਲਿਸ ਨੇ 22 ਹਜ਼ਾਰ 147 ਚਲਾਨਾਂ ਦੀ ਕੱਟ ਕਟਾਈ ਕੀਤੀ ਹੈ। ਚਲਾਨ ਕਰਨ ਦੇ ਮਾਮਲੇ ’ਚ ਦੂਸਰਾ ਸਥਾਨ ਸਾਲ 2020 ਰਿਹਾ ਜਦੋਂ ਪੁਲਿਸ ਨੇ 33 ਹਜ਼ਾਰ 111 ਵਿਅਕਤੀਆਂ ਨੂੰ ਆਪਣੀ ਇਸ ਪ੍ਰਕਿਰਿਆ ਤਹਿਤ ਲਿਆਂਦਾ। ਤੀਸਰੇ ਸਥਾਨ ਤੇ ਸਾਲ 2019 ਰਿਹਾ ਜਦੋਂ ਬਠਿੰਡਾ ਟਰੈਫਿਕ ਪੁਲਿਸ ਵੱਲੋਂ 28 ਹਜ਼ਾਰ 155 ਚਲਾਨ ਕੀਤੇ ਗਏ। ਇਸ ਮਾਮਲੇ ’ਚ ਸਾਲ 2023 ਦੌਰਾਨ 26 ਹਜ਼ਾਰ 543 ਚਲਾਨ ਕੱਟਣ ਦੀ ਬਦੌਲਤ ਟਰੈਫਿਕ ਪੁਲਿਸ ਚੌਥੇ ਸਥਾਨ ਤੇ ਰਹੀ ਜਦੋਂਕਿ 2022 ’ਚ ਟਰੈਫਿਕ ਪੁਲਿਸ ਨੇ 23 ਹਜ਼ਾਰ 833 ਚਲਾਨ ਕੱਟੇ ਹਨ। ਸ਼ਹਿਰ ਵਾਸੀ ਆਖਦੇ ਹਨ ਕਿ ਪੁਲਿਸ ਟਰੈਫਿਕ ਪ੍ਰਬੰਧਾਂ ਲਈ ਨਫਰੀ ਦੀ ਘਾਟ ਦੱਸਦੀ ਹੈ ਪਰ ਚਲਾਨ ਕੱਟਣ ਵੇਲੇ ਮੁਲਾਜਮਾਂ ਦੀ ਕੋਈ ਕਮੀ ਨਹੀਂ ਹੈ।
ਰੋਜ਼ਾਨਾ ਔਸਤਨ 77 ਚਲਾਨ
ਸੂਚਨਾ ਮੁਤਾਬਕ ਟਰੈਫਿਕ ਪੁਲਿਸ ਬਠਿੰਡਾ ਵੱਲੋਂ ਹਰ ਸਾਲ ਜਾਰੀ ਕੀਤੇ ਜਾਣ ਵਾਲੇ ਚਲਾਨਾਂ ਦੀ ਔਸਤਨ 28177 ਚਲਾਨ ਪ੍ਰਤੀ ਸਾਲ ਬਣਦੀ ਹੈ ਜਦੋਂਕਿ ਹਰ ਮਹੀਨੇ ਦਾ ਔਸਤਨ ਅੰਕੜਾ 2348 ਚਲਾਨ ਅਤੇ ਰੋਜਾਨਾਂ ਇਹ ਔਸਤ 77 ਬਣਦੀ ਹੈ। ਗਾਹਕ ਜਾਗੋ ਆਗੂ ਸੰਜੀਵ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਲ 2013 ਤੋਂ ਸਾਲ 2018 ਤੱਕ ਦਾ ਅੰਕੜਾ ਮਿਲ ਨਹੀਂ ਸਕਿਆ ਹੈ ਜਿਸ ਬਾਰੇ ਜਿਲ੍ਹਾ ਟਰੈਫਿਕ ਪੁਲਿਸ ਵੱਲੋਂ ਰਿਕਾਰਡ ਨਸ਼ਟ ਕਰਨ ਦੀ ਦਲੀਲ ਦਿੱਤੀ ਗਈ ਹੈ।
ਟਰੈਫਿਕ ਲਈ ਢੁੱਕਵੀਂ ਨੀਤੀ ਬਣੇ
ਸਮਾਜਿਕ ਕਾਰਕੁੰਨ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਬਠਿੰਡਾ ’ਚ ਲੋਕਾਂ ਨੂੰ ਰੋਜ਼ਾਨ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹ ਮੁਸ਼ਕਲ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਮ ਕਾਰਨ ਲੋਕ ਆਪਣਾ ਕੀਮਤੀ ਸਮਾਂ ਅਤੇ ਤੇਲ ਦੋਵੇਂ ਬਰਬਾਦ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਬਠਿੰਡਾ ਸ਼ਹਿਰ ਵਿੱਚ ਜਾਮ ਤੋਂ ਨਿਜ਼ਾਤ ਦਿਵਾਉਣ ਲਈ ਕੋਈ ਚੰਗੀ ਨੀਤੀ ਬਣਾਈ ਜਾਣੀ ਚਾਹੀਦੀ ਹੈ।
ਹਨੂੰਮਾਨ ਚੌਂਕ ਵਾਲਾ ਸਪੀਕਰ ਚੁੱਪ
ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਟ੍ਰੈਫਿਕ ਪੁਲਿਸ ਵੱਲੋਂ ਹਨੂੰਮਾਨ ਚੌਂਕ ’ਚ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣ ਲਈ ਲਾਇਆ ਸਪੀਕਰ ਹੁਣ ਚੁੱਪ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਪੀਕ ਰਾਹੀਂ ਟਰੈਫਿਕ ਪੁਲਿਸ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਨੂੰ ਸਪੀਕਰ ਰਾਹੀਂ ਟੋਕਦੀ ਰਹਿੰਦੀ ਸੀ ਜਿਸ ਕਰਕੇ ਲੋਕ ਨਿਯਮ ਤੋੜਨ ’ਚ ਝਿਜਕ ਮਹਿਸੂਸ ਕਰਦੇ ਸਨ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਨੂੰ ਅਜਿਹਾ ਪ੍ਰਬੰਧ ਮੁੜ ਲਾਗੂ ਕਰਨਾ ਚਾਹੀਦਾ ਹੈ।
ਆਦਤਾਂ ਬਦਲਣ ਦੀ ਜਰੂਰਤ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਬਠਿੰਡਾ ਦੀਆਂ ਸੜਕਾਂ ਤੇ ਹਾਦਸਿਆਂ ਦੇ ਮਾਮਲੇ ’ਚ ਬਣ ਰਹੇ ਹਾਲਾਤ ਫਿਕਰ ਕਰਨ ਵਾਲੇ ਹੀ ਨਹੀਂ ਬਲਕਿ ਹੱਦ ਦਰਜੇ ਦੇ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਆਦਤਾਂ ’ਚ ਤਬਦੀਲੀ ਲਿਆਉਣ ਤਾਂ ਕਾਫੀ ਹੱਦ ਤੱਕ ਸੜਕਾਂ ਤੇ ਰੋਜਾਨਾ ਬਿਰਖ ਹੁੰਦੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹੈਲਮਟ ਪਹਿਨਣ ਤੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰੇਰਣਾ ਦੇਣੀ ਚਾਹੀਦੀ ਹੈ।
ਨਿਯਮ ਤੋੜਨ ਵਾਲੇ ਦਾ ਚਲਾਨ:ਡੀਐਸਪੀ
ਡੀਐਸਪੀ ਟਰੈਫ਼ਿਕ ਹਰਵਿੰਦਰ ਸਿੰਘ ਸਰਾਂ ਦਾ ਕਹਿਣਾ ਸੀ ਕਿ ਚਲਾਨਾਂ ਦੇ ਕੋਈ ਕੋਟੇ ਨਹੀਂ ਹੁੰਦੇ ਬਲਕਿ ਨਿਯਮ ਭੰਗ ਕਰਨ ਵਾਲਿਆਂ ਦਾ ਹੀ ਚਲਾਨ ਕੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਤਾਂ ਚਲਾਨ ਕਰਨ ਦੀ ਨੌਬਤ ਹੀ ਨਹੀਂ ਆਉਣੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਾਉਣ ਲਈ ਜਾਗਰੂਕ ਮੁਹਿੰਮ ਵੀ ਚਲਾਈ ਜਾਂਦੀ ਹੈ।