ਹੰਢਿਆਇਆ 'ਚ ਵਾਪਰੇ ਬੱਸ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਪੱਕਾ ਮੋਰਚਾ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2025 : ਟੋਹਾਣਾ ਰੈਲੀ ਚ ਜਾਂਦੇ ਸਮੇਂ ਬੱਸ ਹਾਦਸੇ ਦੌਰਾਨ ਕੋਠਾਗੁਰੂ ਦੇ ਸ਼ਹੀਦ ਹੋਏ ਪੰਜ ਕਿਸਾਨਾਂ ਦੇ ਪਰਿਵਾਰਾਂ ਨੂੰ ਦਸ ਦਸ ਲੱਖ ਰੁਪਏ ਮੁਆਵਜ਼ਾ, ਨੌਕਰੀ ਦੇਣ ਤੇ ਕਰਜਾ ਖ਼ਤਮ ਕਰਨ ਤੋਂ ਇਲਾਵਾ ਜ਼ਖਮੀਆਂ ਲਈ ਢੁਕਵੇਂ ਮੁਆਵਜ਼ੇ ਆਦਿ ਮੰਗਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀ ਸੀ ਦਫਤਰ ਬਠਿੰਡਾ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਤੇ ਏ ਡੀ ਸੀ ਵੱਲੋਂ ਕਿਸਾਨ ਮਜ਼ਦੂਰ ਵਫ਼ਦ ਨਾਲ ਦੋ ਗੇੜ ਦੀ ਗੱਲਬਾਤ ਦੌਰਾਨ ਮਿਰਤਕਾਂ ਦੇ ਵਾਰਸਾਂ ਨੂੰ 7 ਲੱਖ ਦੇਣ ਦੀ ਪੇਸ਼ਕਸ਼ ਕੀਤੀ ਗਈ ਜੋ ਕਿਸਾਨ ਆਗੂਆਂ ਨੇ ਰੱਦ ਕਰ ਕੇ 10 ਲੱਖ ਸਮੇਤ ਸਾਰੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਪ੍ਰਸ਼ਾਸਨ ਤੇ ਆਪ ਸਰਕਾਰ ਵੱਲੋਂ ਅਪਣਾਏ ਅੜੀਅਲ ਰਵੱਈਏ ਕਾਰਨ ਮਿਰਤਕਾਂ 'ਚ ਸ਼ਾਮਲ ਜ਼ਿਲਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਤੇ ਕਰਮ ਸਿੰਘ ਦੀਆਂ ਲਾਸ਼ਾਂ ਦਾ ਅੱਜ਼ ਵੀ ਸੰਸਕਾਰ ਨਹੀਂ ਹੋ ਸਕਿਆ। ਉਹਨਾਂ ਦੀਆਂ ਮਿਰਤਕ ਦੇਹਾਂ ਅਜੇ ਵੀ ਸਿਵਲ ਹਸਪਤਾਲ ਬਠਿੰਡਾ ਵਿਖੇ ਪਈਆਂ ਹਨ।
ਪ੍ਰਸ਼ਾਸਨ ਨਾਲ਼ ਗੱਲਬਾਤ ਚ ਸ਼ਾਮਲ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਆਖਿਆ ਕਿ ਪ੍ਰਸ਼ਾਸਨ ਤੇ ਆਪ ਸਰਕਾਰ ਮਿਰਤਕਾਂ ਦੇ ਵਾਰਸਾਂ ਨੂੰ ਸਹਾਰਾ ਦੇਣ ਦੀ ਥਾਂ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਿਹਾ ਹੈ। ਉਹਨਾਂ ਆਖਿਆ ਕਿ ਦਸ ਲੱਖ ਰੁਪਏ ਦੇਣ ਦੀ ਥਾਂ ਬੋਲੀ ਲਾਉਣ ਵਾਲੇ ਵਪਾਰੀਆਂ ਵਾਂਗ ਵਿਹਾਰ ਕਰ ਰਿਹਾ ਹੈ।
ਮਿਰਤਕ ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ ਦੀ ਬੇਟੀ ਰਮਨਦੀਪ ਕੌਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹਨਾਂ ਦਾ ਪਰਿਵਾਰ ਡਟ ਕੇ ਜਥੇਬੰਦੀ ਨਾਲ਼ ਖੜ੍ਹਾ ਰਹੇਗਾ। ਉਹਨਾਂ ਆਖਿਆ ਕਿ ਮੇਰੇ ਪਿਤਾ ਬਸੰਤ ਸਿੰਘ ਜਥੇਬੰਦੀ ਦੀ ਅਮਾਨਤ ਹਨ ਉਹਨਾਂ ਦਾ ਪਰਿਵਾਰ ਜਥੇਬੰਦੀ ਦੇ ਫੈਸਲੇ ਉਪਰੰਤ ਹੀ ਬਸੰਤ ਸਿੰਘ ਦੀ ਮਿਰਤਕ ਦੇਹ ਦਾ ਕਿਰਿਆ ਕਰਮ ਕਰੇਗਾ।
ਇਸ ਸਮੇਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਜਿਉਂਦ ਜ਼ਮੀਨ ਮਾਮਲੇ ਵਿਚ ਪੁਲਸ ਵੱਲੋਂ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਦੀ ਘਟਨਾ ਨੂੰ ਮਾਨ ਸਰਕਾਰ ਵੱਲੋਂ ਕਿਸਾਨਾਂ ਤੇ ਜਾਬਰ ਹੱਲਾ ਕਰਾਰ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਦੀ ਜਗ੍ਹਾ ਲਾਠੀਚਾਰਜ ਕੀਤਾ ਜਾ ਰਿਹਾ ਹੈ ਆਗੂਆਂ ਨੇ ਅਪੀਲ ਕੀਤੀ ਕਿ ਸ਼ਹੀਦਾਂ ਨੂੰ ਮੁਆਵਜ਼ਾ ਦਿਵਾਉਣ ਲਈ ਤੇ ਜ਼ਮੀਨਾਂ ਦੇ ਮਾਲਕੀ ਹੱਕ ਬਚਾਉਣ ਲਈ ਇਸ ਧਰਨੇ ਵਿੱਚ ਵੱਡੀ ਗਿਣਤੀ ਵਿਚ ਪਹੁੰਚਕੇ ਹਾਜ਼ਰੀ ਲਵਾਉਣ।
ਅੱਜ ਦੇ ਧਰਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਅੱਜ ਦੇ ਇਕੱਠ ਨੂੰ ਹਰਿੰਦਰ ਬਿੰਦੂ ਔਰਤ ਆਗੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਤੀਰਥ ਸਿੰਘ ਕੋਠਾ ਗੁਰੂ ਬਿਜਲੀ ਮੁਲਾਜ਼ਮਾਂ ਦੇ ਆਗੂ ਸਤਵਿੰਦਰ ਸਿੰਘ ਜਗਦੇਵ ਸਿੰਘ ਜੋਗੇਵਾਲਾ ਜ਼ਿਲ੍ਹਾ ਆਗੂ, ਜਗਸੀਰ ਝੁੰਬਾ ਜ਼ਿਲ੍ਹਾ ਆਗੂ, ਮੁਕਤਸਰ ਸਾਹਿਬ ਜ਼ਿਲ੍ਹੇ ਦੇ ਆਗੂ ਗੁਰਭਗਤ ਭਲਾਈਆਣਾ, ਗੁਰਪਾਸ਼ ਸਿੰਘ ਅਤੇ ਕਿਸਾਨ ਸਭਾ ਵੱਲੋਂ ਬਲਕਰਨ ਸਿੰਘ ਬਰਾੜ ਨੇ ਸੰਬੋਧਨ ਕੀਤਾ।