ਸੰਤ ਸੀਚੇਵਾਲ ਵੱਲੋਂ ਰਾਜ ਸਭਾ ਵਿੱਚ ਉਠਾਈ ਗਈ ਮੰਗ ਨੂੰ ਪਿਆ ਬੂਰ
*ਸਰਕਾਰ ਵੱਲੋਂ ਬੀ ਐਲ ਐਸ ਨਾਮ ਦਾ ਵਿਸ਼ਾ ਵਿੱਦਿਅਕ ਅਦਾਰਿਆਂ ਦੇ ਵਿੱਚ ਹੋਇਆ ਲਾਜ਼ਮੀ*
*ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਨਜਿੱਠਣ ਦੇ ਲਈ ਨੌਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਬੇਸਿਕ ਲਾਈਫ ਸਪੋਰਟਸ ਨਾਮ ਦੇ ਵਿਸ਼ੇ ਤੇ ਦਿੱਤੀ ਜਾਵੇਗੀ ਸਕੂਲਾਂ ਵਿੱਚ ਟ੍ਰੇਨਿੰਗ*
*ਕਿਸੇ ਇਨਸਾਨ ਦੀ ਜਾਨ ਨੂੰ ਬਚਾਉਣਾ ਹੀ ਸਾਡਾ ਸਰਵਉੱਚ ਧਰਮ - ਸੰਤ ਸੀਚੇਵਾਲ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 20 ਫਰਵਰੀ 2025
ਦੁਨੀਆ ਤੇ ਲਗਾਤਾਰ ਪੈਦਾ ਹੋ ਰਹੀਆਂ ਖਤਰਨਾਕ ਤੇ ਜਾਨਲੇਵਾ ਬਿਮਾਰੀਆਂ ਦੇ ਵਿੱਚੋਂ ਇੱਕ ਹਾਰਟ ਅਟੈਕ ਵੀ ਅਜਿਹੀ ਬਿਮਾਰੀ ਹੈ ਜੋ ਇਨਸਾਨ ਨੂੰ ਸਿੱਧੇ ਮੌਤ ਦੇ ਮੂੰਹ ਵਿੱਚ ਸੁੱਟ ਦਿੰਦੀ ਹੈ। ਇਸੇ ਹੀ ਵਿਸ਼ੇ ਦੇ ਉੱਪਰ ਕੰਮ ਕਰਦਿਆਂ ਹੋਇਆਂ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਹਾਲ ਹੀ ਦੇ ਵਿੱਚ ਸਦਨ ਦੇ ਵਿੱਚ ਮੁੱਦਾ ਉਠਾਇਆ ਗਿਆ ਸੀ। ਜਿਸ ਉੱਪਰ ਸਰਕਾਰ ਨੇ ਗੰਭੀਰਤਾ ਦੇ ਨਾਲ ਸੋਚਦਿਆਂ ਹੋਇਆ ਇਸ ਵਿਸ਼ੇ ਨੂੰ ਸਕੂਲਾਂ ਦੇ ਵਿੱਚ ਨੌਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਲਾਜ਼ਮੀ ਕਰ ਦਿੱਤਾ ਹੈ। ਦਰਅਸਲ ਇਸ ਵਿਸ਼ੇ ਦਾ ਨਾਮ ਬੀਐਲਐਸ ਯਾਨੀ ਬੇਸਿਕ ਲਾਈਫ ਸਪੋਰਟਸ ਹੈ ਜੋ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨੌਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦਿਲ ਦੇ ਰੁਕਣ ਨੂੰ ਲੈ ਕੇ ਬੇਸਿਕ ਤੌਰ ਤੇ ਟ੍ਰੇਨਿੰਗ ਦਿੱਤੀ ਜਾਵੇਗੀ , ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਹਾਰਟ ਅਟੈਕ ਵਰਗੀ ਬਿਮਾਰੀ ਨੂੰ ਰੋਕ ਸਕਦੇ ਹਾਂ ਅਤੇ ਇਨਸਾਨ ਦੀ ਜਾਨ ਨੂੰ ਬਚਾ ਸਕਦੇ ਹਾਂ। ਇਸ ਮੌਕੇ ਸੰਸ ਸੀਚੇਵਾਲ ਜੀ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਦੇ ਵੱਲੋਂ ਸਦਨ ਦੇ ਵਿੱਚ ਉਠਾਏ ਗਏ ਇਸ ਮੁੱਦੇ ਨੂੰ ਸਰਕਾਰ ਨੇ ਸਵੀਕਾਰ ਕਰਦਿਆਂ ਹੋਇਆ ਇਸ ਨੂੰ ਸਕੂਲਾਂ ਦੇ ਵਿੱਚ ਲਾਜ਼ਮੀ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੁਣ ਸਰਕਾਰ ਵੱਲੋਂ ਇਹ ਵਿਸ਼ਾ ਲਾਜ਼ਮੀ ਜਰੂਰ ਕੀਤਾ ਗਿਆ ਹੈ ਪਰ ਸਾਨੂੰ ਇਸ ਤੇ ਕੰਮ ਕਰਨ ਦੀ ਵੀ ਬਹੁਤ ਜਿਆਦਾ ਲੋੜ ਹੈ। ਕਿਉਂਕਿ ਕਿਸੇ ਮਨੁੱਖ ਦੀ ਜ਼ਿੰਦਗੀ ਨੂੰ ਬਚਾਉਣਾ ਹੀ ਸਾਡਾ ਸਰਵ ਉੱਚ ਧਰਮ ਹੈ। ਜਿਸ ਉੱਪਰ ਉਹਨਾਂ ਵੱਲੋਂ ਹਮੇਸ਼ਾ ਕੰਮ ਕੀਤਾ ਜਾਵੇਗਾ ਅਤੇ ਨਾਲ ਹੀ ਵਾਤਾਵਰਨ ਨੂੰ ਬਚਾਉਣ ਦੀ ਲੋੜ ਹੈ ਜਿਸ ਨਾਲ ਪੈਦਾ ਹੋਣ ਵਾਲੀਆਂ ਖਤਰਨਾਕ ਤੇ ਜਾਨਲੇਵਾ ਬਿਮਾਰੀਆਂ ਨੂੰ ਰੋਕਿਆ ਵੀ ਜਾ ਸਕਦਾ ਹੈ।