ਸੜਕ ਦਾ ਨਾਂਅ 'ਦੀਪਕ ਜੈਤੋਈ ਮਾਰਗ' ਰੱਖਣ ਦੀ ਮੰਗ : ਦਰਸ਼ਨ ਬਰਾੜ
ਮਹੀਨਾਵਾਰ ਬੈਠਕ ਵਿਚ ਅਦੀਬਾਂ ਨੇ ਬਿਖੇਰੇ ਸ਼ਾਇਰੀ ਦੇ ਰੰਗ
ਮਨਜੀਤ ਸਿੰਘ ਢੱਲਾ
ਜੈਤੋ, 20 ਜਨਵਰੀ 2025 : ਇਲਾਕੇ ਦੀ ਉੱਘੀ ਸਾਹਿਤਕ ਸੰਸਥਾ ਦੀਪਕ ਜੈਤੋਈ (ਰਜਿ:) ਨੇ ਸਥਾਨਕ ਬਠਿੰਡਾ ਰੋਡ ਸਥਿਤ ਕਾਲੋਨੀ ਵਿਖੇ ਉਸਤਾਦ ਸ਼ਾਇਰ ਦੀਪਕ ਜੈਤੋਈ ਦੇ ਘਰ ਨੂੰ ਜਾਣ ਵਾਲੇ ਮਾਰਗ ਦਾ ਨਾਂਅ ਦੀਪਕ ਜੈਤੋਈ ਮਾਰਗ ਰੱਖਣ ਦੀ ਮੰਗ ਕੀਤੀ ਹੈ। ਇਹ ਮੰਗ ਕਰਜਾ ਇਕ ਮਤਾ ਮੰਚ ਦੀ ਇਥੇ ਪੈਂਸ਼ਨਰਜ਼ ਭਵਨ ਵਿਖੇ ਹੋਈ ਮਹੀਨਾਵਾਰ ਇਕੱਤਰਤਾ ਵਿਚ ਪਾਸ ਕੀਤਾ ਗਿਆ। ਇਕੱਤਰਤਾ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ, ਸੁੰਦਰ ਪਾਲ ਪ੍ਰੇਮੀ ਤੇ ਸਾਧੂ ਰਾਮ ਸ਼ਰਮਾ ਨੇ ਕੀਤੀ।
ਮੰਚ ਦੇ ਸਕੱਤਰ ਹਰਮੇਲ ਪਰੀਤ ਨੇ ਦੱਸਿਆ ਕਿ ਬੈਠਕ ਦੌਰਾਨ ਦੀਪਕ ਜੈਤੋਈ ਦਾ ਜਨਮ ਦਿਨ 'ਦੀਪਕ ਜੈਤੋਈ ਕਾਵਿ ਉਤਸਵ' ਵਜੋਂ ਮਨਾਉਣ ਬਾਰੇ ਵੀ ਚਰਚਾ ਕੀਤੀ। ਮੰਚ ਦੇ ਮੈਂਬਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਰਚਨਾਵਾਂ ਦੇ ਦੌਰ ਵਿਚ ਸਰਵ ਸ੍ਰੀ ਦੌਲਤ ਸਿੰਘ ਅਨਪੜ੍ਹ, ਹਰਮੇਲ ਪਰੀਤ, ਗੁਰਵਿੰਦਰ ਦਬੜੀਖਾਨਾ, ਹਰਭਗਵਾਨ ਕਰੀਰਵਾਲੀ, ਨੇਕ ਰੁਪਾਣਾ, ਅਰਸ਼ ਦਬੜੀਖਾਨਾ, ਭੁਪਿੰਦਰ ਸਰਵੇਅਰ, ਮਲਕੀਤ ਕਿੱਟੀ, ਜਰਨੈਲ ਸਿੰਘ ਜ਼ਖਮੀਂ, ਤਰਸੇਮ ਚੈਨਾ, ਤਰੰਨੁਮਪ੍ਰੀਤ ਕੌਰ, ਬਲਦੇਵ ਕ੍ਰਿਸ਼ਨ, ਸੰਜੀਵ ਕੁਮਾਰ ਗੋਇਲ, ਸਾਧੂ ਰਾਮ ਸ਼ਰਮਾ, ਸੁੰਦਦਪਾਲ ਪ੍ਰੇਮੀ, ਸੁਰਿੰਦਰਪਾਲ ਝੱਖੜਵਾਲਾ,ਮਲਕੀਤ ਕਿੱਟੀ, ਛਿੰਦਰ ਸਿੰਘ ਆਦਿ ਨੇ ਵੱਖ-ਵੱਖ ਵਿਸ਼ਿਆਂ 'ਤੇ ਕਾਵਿ ਵੰਨਗੀਆਂ ਦੀ ਪੇਸ਼ਕਾਰੀ ਕੀਤੀ। ਮੰਚ ਸੰਚਾਲਨ ਸੁੰਦਰ ਸਿੰਘ ਬਾਜਾਖਾਨਾ ਨੇ ਕੀਤਾ।