ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਯੋਗਦਾਨ ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ
ਅੰਮ੍ਰਿਤਸਰ, 27 ਮਾਰਚ, 2025 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਇੰਡੀਅਨ ਕੌਂਸਲ ਆੱਫ ਫਿਲਾਸਫੀਕਲ ਰੀਸਰਚ, ਨਵੀਂ ਦਿੱਲੀ ਦੇ ਸਹਿਯੋਗ ਨਾਲ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਸਮਾਉਣ ਦੀ ਸ਼ਤਾਬਦੀ ਨੂੰ ਸਮਰਪਿਤ ਪਰੀਓਡੀਕਲ ਲੈਕਚਰਜ਼ ਦੀ ਲੜੀ ਅਧੀਨ ਤੀਜਾ ਅਤੇ ਚੌਥਾ ਲੈਕਚਰ ਕਰਵਾਇਆ ਗਿਆ।
ਡਾ. ਮੁਹੱਬਤ ਸਿੰਘ ਨੇ ਇਨ੍ਹਾਂ ਲੈਕਚਰਾਂ ਦੀ ਅਰੰਭਤਾ ਤੋਂ ਪਹਿਲਾਂ ਸੁਆਗਤੀ ਸ਼ਬਦਾਂ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਸਿਿਖਆ ਤੋਂ ਜਾਣੂ ਕਰਵਾਇਆ। ਇਸ ਲੜੀ ਦਾ ਤੀਜਾ ਲੈਕਚਰ ਪ੍ਰੋਫੈਸਰ ਧਰਮ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ‘ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਯੋਗਦਾਨ ਬਾਰੇ ‘ਸ੍ਰੀ ਗੁਰੂ ਅਮਰਦਾਸ ਬਿਲਾਸ’ ਕ੍ਰਿਤ ਜੋਧ ਸਿੰਘ ਗੁਜਰਖਾਨ ਦੇ ਵਿਸ਼ੇਸ਼ ਹਵਾਲੇ ਨਾਲ’ ਵਿਸ਼ੇ ਨੂੰ ਪ੍ਰਸਤੁਤ ਕੀਤਾ। ਉਨ੍ਹਾਂ ਨੇ ਆਪਣੇ ਲੈਕਚਰ ਦੌਰਾਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਸੰਬੰਧੀ ਇਸ ਮਹੱਤਵਪੂਰਨ ਸ੍ਰੋਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੇ ਇਸ ਸ੍ਰੋਤ ਦੇ ਹਵਾਲੇ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਕਾਰਜਾਂ ਦੇ ਇਤਿਹਾਸ ਅਤੇ ਵਿਸ਼ੇਸ਼ਤਾ ਨੂੰ ਬਾਖੂਬੀ ਬਿਆਨ ਕੀਤਾ। ਜੋਧ ਸਿੰਘ ਗੁਜਰਾਖਾਨ ਦੁਆਰਾ ਇਸ ਗ੍ਰੰਥ ਦੀ ਰਚਨਾ ਦੇ ਮਨੋਰਥ ਨੂੰ ਬਿਆਨ ਕਰਦਿਆਂ, ਇਸ ਸ੍ਰੋਤ ਦੇ ਹਵਾਲੇ ਨਾਲ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼, ਮੁੱਢਲੇ ਜੀਵਨ, ਗੁਰੂ ਅੰਗਦ ਦੇਵ ਜੀ ਦੀ ਸ਼ਰਨ ’ਚ ਜਾਣ, ਲੰਮਾ ਸਮਾਂ ਸੇਵਾ ਨਿਭਾਉਣ, ਗੁਰਿਆਈ ਪ੍ਰਾਪਤੀ, ਗੋਇੰਦਵਾਲ ਸਾਹਿਬ ਟਿਕਾਣਾ, ਸਿੱਖੀ ਪ੍ਰਚਾਰ-ਪ੍ਰਸਾਰ ਹਿਤ ਕੀਤੇ ਮਹੱਤਵਪੂਰਨ ਕਾਰਜਾਂ, ਲੰਗਰ ਪ੍ਰਥਾ ਦੇ ਸਮਾਜ ਬਰਾਬਰੀ ਦੇ ਵਿਸ਼ੇਸ਼ ਪਹਿਲੂ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਇਸ ਲੜੀ ਦਾ ਚੌਥਾ ਲੈਕਚਰ ਪ੍ਰੋਫੈਸਰ ਅਮਰਜੀਤ ਸਿੰਘ, ਸਾਬਕਾ ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ) ਨੇ ‘ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਵਿਚ ਨੈਤਿਕ ਕਦਰਾਂ ਕੀਮਤਾਂ ’ ਵਿਸ਼ੇ ਉਪਰ ਸਾਂਝਾ ਕੀਤਾ।ਆਪਣੇ ਇਸ ਲੈਕਚਰ ਦੌਰਾਨ ਪ੍ਰੋਫੈਸਰ ਸਾਹਿਬ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਬਾਣੀ ਵਿਚ ਨੈਤਿਕ ਕਦਰਾਂ-ਕੀਮਤਾਂ ਦੇ ਸਿਧਾਂਤਿਕ ਅਤੇ ਵਿਵਹਾਰਕ ਪੱਖ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਬਿਆਨ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਸਮਾਜਿਕ, ਧਾਰਮਿਕ, ਬੌਧਿਕ ਆਦਿ ਕਦਰਾਂ-ਕੀਮਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਦੇ ਹਵਾਲਿਆਂ ਸਹਿਤ ਪੇਸ਼ ਕੀਤਾ। ਪ੍ਰੋਫੈਸਰ ਅਮਰਜੀਤ ਸਿੰਘ ਨੇ ‘ਭਗਤ ਮਾਲਾ’ ਅਤੇ ‘ਸ੍ਰੀ ਸਤਗਿੁਰ ਜੀ ਕੇ ਮੂੰਹੈ ਕੀਆਂ ਸਾਖੀਆਂ’ ਸ੍ਰੋਤਾਂ ਦੀ ਰੋਸ਼ਨੀ ’ਚੋਂ ਵੱਖ-ਵੱਖ ਸਾਖੀਆਂ ਰਾਹੀਂ ਸਦਾਚਾਰਕ ਕਦਰਾਂ-ਕੀਮਤਾਂ ਦੇ ਸਰੂਪ ਅਤੇ ਮਹੱਤਵ ਨੂੰ ਉਜਾਗਰ ਕੀਤਾ।ਸਿਖ ਲਈ ਕਰਨਯੋਗ ਅਤੇ ਵਰਜਿਤ ਕਰਮਾਂ ਸੰਬੰਧੀ ਚਾਨਣਾ ਪਾਇਆ। ਗੁਰਬਾਣੀ ਰਾਹੀਂ ਅਉਗਣਾਂ ਦਾ ਤਿਆਗ ਕਰਨ, ਗੁਣਾਂ ਦਾ ਵਣਜ ਕਰਨ, ਸਬਰ-ਸੰਤੋਖ ਆਦਿ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਣਾ ਦਿੱਤੀ। ਇਨ੍ਹਾਂ ਲੈਕਚਰਾਂ ਦੇ ਅੰਤ ਵਿਚ ਡਾ. ਭਾਤਰਬੀਰ ਕੌਰ ਸੰਧੂ ਨੇ ਬੁਲਾਰਿਆਂ ਅਤੇ ਸਮੂਹ ਸ੍ਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਨਾਨਕ ਅਧਿਐਨ ਵਿਭਾਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਅਧਿਆਪਕ ਸਾਹਿਬਾਨ ਅਤੇ ਖੋਜਾਰਥੀਆਂ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਦੇ ਗੁਰਮਤਿ ਵਿਿਦਆਲੇ ਦੇ ਪ੍ਰਿਸੀਪਲ ਡਾ. ਹਰਪਾਲ ਸਿੰਘ, ਉਹਨਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਿਦਆਰਥੀਆਂ ਹਾਜ਼ਰ ਸਨ।