ਸੁਲਤਾਨਪੁਰ ਲੋਧੀ ਵਿਖੇ 4 ਆਈਲੈਟਸ ਸੈਂਟਰ ਮਾਲਕਾਂ ਨੂੰ ਨੋਟਿਸ ਜਾਰੀ
ਆਈਲੈਟਸ ਸੈਂਟਰਾਂ ਦੇ ਸੰਚਾਲਕਾਂ ਨੇ ਜਾਂਚ ਤੋਂ ਬਾਅਦ ਵੀ ਵਿਭਾਗ ਨੂੰ ਦਸਤਾਵੇਜ਼ ਨਹੀਂ ਦਿੱਤੇ; ਐਸਡੀਐਮ ਨੇ ਨਾਇਬ ਤਹਿਸੀਲਦਾਰ ਨੂੰ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼,
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 14 ਫਰਵਰੀ 2025- ਹਾਲ ਹੀ ਵਿੱਚ ਅਮਰੀਕਾ ਵੱਲੋਂ 30 ਪੰਜਾਬੀਆਂ ਸਮੇਤ 104 ਭਾਰਤੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਅਤੇ ਟਰੈਵਲ ਏਜੰਸੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਵਿਦੇਸ਼ ਭੇਜਣ ਦੇ ਨਾਂ 'ਤੇ ਮੋਟੀਆਂ ਰਕਮਾਂ ਵਸੂਲਣ ਵਾਲੀਆ ਟਰੈਵਲ ਏਜੰਸੀਆਂ, ਆਈਲੈਟਸ ਸੈਂਟਰ, ਇਮੀਗ੍ਰੇਸ਼ਨ ਸੈਂਟਰ, ਏਅਰ ਟਿਕਟ ਸੈਂਟਰਾਂ ਦੀ ਜ਼ਿਲ੍ਹਾ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਸੁਲਤਾਨਪੁਰ ਲੋਧੀ ਦੀ ਐਸ.ਡੀ.ਐਮ ਅਪਰਣਾ ਐਮ.ਬੀ ਨੇ ਹਾਲ ਹੀ ਵਿੱਚ ਸ਼ਹਿਰ ਦੇ ਵੱਖ-ਵੱਖ ਆਈਲੈਟਸ ਸੈਂਟਰਾਂ, ਇਮੀਗ੍ਰੇਸ਼ਨ ਸੈਂਟਰਾਂ ਆਦਿ ਦੀ ਚੈਕਿੰਗ ਕੀਤੀ। ਕਈ ਕੇਂਦਰਾਂ ਦੇ ਲਾਇਸੈਂਸ ਅਤੇ ਹੋਰ ਦਸਤਾਵੇਜ਼ ਨਾ ਮਿਲਣ ਕਾਰਨ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜਲਦੀ ਹੀ ਸਾਰੇ ਦਸਤਾਵੇਜ਼ ਉਨ੍ਹਾਂ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਜਾਣ। ਪਤਾ ਲੱਗਾ ਕਿ ਕੁਝ ਕੇਂਦਰਾਂ ਨੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ। ਇਸ ਸਬੰਧੀ ਐਸਡੀਐਮ ਦੀਆਂ ਹਦਾਇਤਾਂ ’ਤੇ ਨਾਇਬ ਤਹਿਸੀਲਦਾਰ ਵਿਕਾਸ ਗੁਪਤਾ ਨੇ ਚਾਰ ਕੇਂਦਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜਿਸ ਵਿੱਚ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਲਾਇਸੈਂਸ ਅਤੇ ਹੋਰ ਦਸਤਾਵੇਜ਼ 18 ਫਰਵਰੀ ਤੱਕ ਦਫ਼ਤਰ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ ਉਕਤ ਸੈਂਟਰ ਮਾਲਕਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਦਸਤਾਵੇਜ਼ ਜਮ੍ਹਾਂ ਨਾ ਕਰਵਾਏ ਤਾਂ ਪੁਲਿਸ ਦੀ ਮਦਦ ਨਾਲ ਸੈਂਟਰ ਨੂੰ ਸੀਲ ਕਰ ਦਿੱਤਾ ਜਾਵੇਗਾ |
ਸੂਤਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਚਾਰ ਵਿੱਚੋਂ ਦੋ ਆਈਲੈਟਸ ਸੈਂਟਰਾਂ ਕੋਲ ਲਾਇਸੈਂਸ ਨਹੀਂ ਹੈ ਜਦਕਿ ਦੋ ਸੈਂਟਰਾਂ ਮਾਲਕਾਂ ਨੇ 2023 ਤੋਂ ਬਾਅਦ ਲਾਇਸੈਂਸ ਰੀਨਿਊ ਨਹੀਂ ਕੀਤੇ।