ਸੁਲਤਾਨਪੁਰ ਲੋਧੀ ਦੇ MLA ਵੱਲੋਂ CM ਨੂੰ ਵੱਧਦੇ ਹੜ੍ਹਾਂ ਦੇ ਖ਼ਤਰੇ 'ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ
ਰਾਣਾ ਇੰਦਰ ਪਰਤਾਪ ਸਿੰਘ ਵੱਲੋਂ ਬਿਆਸ ਤੇ ਪੋਂਗ ਡੈਮ ਦੇ ਵੱਧ ਰਹੇ ਪਾਣੀ ਪੱਧਰ ਦੀ ਚੇਤਾਵਨੀ; ਪੰਜਾਬ ਸਰਕਾਰ 'ਤੇ ਅਣਗਹਿਲੀ ਅਤੇ ਤਿਆਰੀ ਦੀ ਕਮੀ ਦਾ ਦੋਸ਼
ਚੰਡੀਗੜ੍ਹ 14 ਅਗਸਤ, 2025
ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪਰਤਾਪ ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਖ਼ਾਸ ਕਰਕੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਵਿੱਚ ਬਿਗੜ ਰਹੀ ਹੜਾਂ ਦੀ ਸਥਿਤੀ 'ਤੇ ਤੁਰੰਤ ਕਾਬੂ ਪਾਉਣ ਲਈ ਕਾਰਵਾਈ ਕੀਤੀ ਜਾਵੇ, ਜਿੱਥੇ ਬਿਆਸ ਦਰਿਆ ਦਾ ਪਾਣੀ ਪਹਿਲਾਂ ਹੀ ਘੱਟੋ-ਘੱਟ 25 ਪਿੰਡਾਂ ਦੇ ਖੇਤੀਬਾੜੀ ਖੇਤਰਾਂ ਵਿੱਚ ਦਾਖਲ ਹੋ ਗਿਆ ਹੈ ਅਤੇ ਖੜ੍ਹੀਆਂ ਝੈਨੇ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮਾਨਸੂਨ ਦੇ ਸਮੇਂ ਡੈਮਾਂ ਤੋਂ ਵੱਧ ਪਾਣੀ ਛੱਡੇ ਜਾਣ 'ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ, “ਡੈਮਾਂ ਦੇ ਬਣਨ ਤੋਂ ਬਾਅਦ ਪੰਜਾਬ ਤੋਂ ਬਾਹਰ ਦੇ ਰਾਜਾਂ ਨੂੰ ਫ਼ਾਇਦਾ ਮਿਲਿਆ ਹੈ, ਪਰ ਜਦੋਂ ਇਹ ਡੈਮ—ਖ਼ਾਸ ਕਰਕੇ ਉਹ ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਤੋਂ ਪਾਣੀ ਆਉਂਦਾ ਹੈ—ਭਾਰੀ ਬਾਰਸ਼ਾਂ ਦੌਰਾਨ ਪਾਣੀ ਛੱਡਦੇ ਹਨ, ਤਾਂ ਇਸ ਦਾ ਖ਼ਮਿਆਜ਼ਾ ਪੰਜਾਬ ਨੂੰ ਹੜਾਂ ਦੇ ਰੂਪ ਵਿੱਚ ਭੁਗਤਣਾ ਪੈਂਦਾ ਹੈ।”
ਉਨ੍ਹਾਂ ਕਿਹਾ, “ਇਹ ਸਾਫ਼ ਨੁਕਸਾਨ ਹੈ ਪੰਜਾਬ ਦਾ, ਫਿਰ ਵੀ ਕਿਸੇ ਨੂੰ ਚਿੰਤਾ ਨਹੀਂ। ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਸਥਿਤੀ ਦਾ ਤੁਰੰਤ ਜਾਇਜ਼ਾ ਲਿਆ ਜਾਵੇ ਅਤੇ ਹੋਰ ਨੁਕਸਾਨ ਤੋਂ ਬਚਾਉਣ ਤੇ ਕੀਮਤੀ ਜਾਨਾਂ ਬਚਾਉਣ ਲਈ ਜ਼ਰੂਰੀ ਹੁਕਮ ਜਾਰੀ ਕੀਤੇ ਜਾਣ।”
ਵਿਧਾਇਕ, ਜੋ ਪਿਛਲੇ ਦੋ ਦਿਨਾਂ ਤੋਂ ਆਪਣੇ ਹਲਕੇ ਦੇ ਹੜ੍ਹ-ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ, ਨੇ ਚੇਤਾਵਨੀ ਦਿੱਤੀ ਕਿ ਬਿਆਸ, ਘੱਗਰ, ਰਾਵੀ ਅਤੇ ਸਤਲੁਜ ਦਰਿਆਵਾਂ ਦੇ ਕੰਢੇ ਸਥਿਤ ਘੱਟੋ-ਘੱਟ 25 ਤੋਂ 30 ਹਲਕੇ ਖ਼ਤਰੇ ਵਿੱਚ ਹਨ। ਉਨ੍ਹਾਂ ਸਾਰੇ ਧਿਰਾਂ ਦੇ ਵਿਧਾਇਕਾਂ, ਜਿਸ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ, ਨੂੰ ਆਪਣੇ ਹਲਕਿਆਂ ਦੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਦਰਸਾਇਆ ਕਿ ਬਿਆਸ ਦਰਿਆ ਅਤੇ ਪੋਂਗ ਡੈਮ ਵਿੱਚ ਪਿਛਲੇ 10–15 ਦਿਨਾਂ ਤੋਂ ਪਾਣੀ ਪੱਧਰ ਲਗਾਤਾਰ ਵੱਧ ਰਿਹਾ ਹੈ, ਪਰ ਪੰਜਾਬ ਸਰਕਾਰ ਵੱਲੋਂ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਗਈ।
ਉਨਾਂ ਕਿਹਾ ਕਿ “4 ਅਗਸਤ ਨੂੰ ਪੋਂਗ ਡੈਮ ਦਾ ਪਾਣੀ ਪੱਧਰ 1,366 ਫੁੱਟ ਸੀ। ਅੱਜ ਇਹ 1,377.5 ਫੁੱਟ ਤੋਂ ਪਾਰ ਹੋ ਗਿਆ ਹੈ—ਜੋ 1,390 ਫੁੱਟ ਦੇ ਖ਼ਤਰੇ ਦੇ ਪੱਧਰ ਤੋਂ ਸਿਰਫ਼ 12.5 ਫੁੱਟ ਘੱਟ ਹੈ,।
ਹਰੀਕੇ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਜਦੋਂ ਆਉਣ ਵਾਲਾ ਪਾਣੀ ਲਗਭਗ 13 ਲੱਖ ਕਿਊਸੈਕ ਹੈ, ਤਦੋਂ ਸਿਰਫ਼ 3 ਲੱਖ ਕਿਊਸੈਕ ਹੀ ਹੇਠਾਂ ਛੱਡਿਆ ਗਿਆ ਹੈ ਅਤੇ 2.5 ਲੱਖ ਕਿਊਸੈਕ ਦਰਿਆ ਵਿੱਚ ਮੋੜਿਆ ਗਿਆ ਹੈ। “ਇਸਦਾ ਮਤਲਬ ਹੈ ਕਿ 7 ਲੱਖ ਤੋਂ ਵੱਧ ਕਿਊਸੈਕ ਪਾਣੀ ਰੋਕਿਆ ਜਾ ਰਿਹਾ ਹੈ। ਹਰੀਕੇ ਤੋਂ ਲਗਾਤਾਰ ਅਤੇ ਰਣਨੀਤਿਕ ਢੰਗ ਨਾਲ ਪਾਣੀ ਛੱਡਣਾ ਲਾਜ਼ਮੀ ਹੈ, ਤਾਂ ਜੋ ਅਚਾਨਕ ਓਵਰਫ਼ਲੋ ਤੋਂ ਬਚਿਆ ਜਾ ਸਕੇ, ਜੋ ਪੂਰੇ ਖੇਤਰਾਂ ਨੂੰ ਡੁੱਬੋ ਸਕਦਾ ਹੈ ਅਤੇ ਫ਼ਸਲਾਂ, ਸੰਪਤੀ ਅਤੇ ਜਾਨਾਂ ਦਾ ਵੱਡਾ ਨੁਕਸਾਨ ਕਰ ਸਕਦਾ ਹੈ।”
ਵਿਧਾਇਕ ਅਨੁਸਾਰ, ਉਨ੍ਹਾਂ ਨੇ ਸਿੰਚਾਈ ਮੰਤਰੀ, ਵਿਭਾਗ ਦੇ ਸਕੱਤਰ ਅਤੇ ਮੁੱਖ ਇੰਜੀਨੀਅਰਾਂ ਨੂੰ ਗੰਭੀਰ ਸਥਿਤੀ ਬਾਰੇ ਸੂਚਿਤ ਕੀਤਾ ਹੈ, ਪਰ ਉਨ੍ਹਾਂ ਦਾ ਦੋਸ਼ ਹੈ ਕਿ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਉਨਾਂ ਕਿਹਾ ਕਿ “ਮੰਤਰੀ ਅਤੇ ਇੰਜੀਨੀਅਰ ਜ਼ਿੰਮੇਵਾਰੀ ਸਕੱਤਰ ਉੱਤੇ ਪਾ ਰਹੇ ਹਨ, ਜੋ ਮੇਰੇ ਵਿਚਾਰ ਵਿੱਚ ਜ਼ਮੀਨੀ ਹਕੀਕਤ ਤੋਂ ਅਣਜਾਣ ਹੈ,।
ਉਨ੍ਹਾਂ ਨੇ ਸਤਲੁਜ ਦਰਿਆ ਦੇ ਭਾਖੜਾ ਡੈਮ ਵਿੱਚ ਪਾਣੀ ਪੱਧਰ ਬਾਰੇ ਵੀ ਚਿੰਤਾ ਜਤਾਈ, ਜੋ ਇਸ ਵੇਲੇ 1,650 ਫੁੱਟ ਹੈ—ਅਜੇ ਵੀ 1,680 ਫੁੱਟ ਦੇ ਖ਼ਤਰੇ ਦੇ ਪੱਧਰ ਤੋਂ 30 ਫੁੱਟ ਘੱਟ—ਪਰ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਪਾਣੀ ਆਉਣ ਨਾਲ ਸਥਿਤੀ ਤੇਜ਼ੀ ਨਾਲ ਬਦਲ ਸਕਦੀ ਹੈ।
ਹੜ੍ਹ ਪ੍ਰਬੰਧਨ ਵਿੱਚ ਤਿਆਰੀ ਦੀ ਕਮੀ ਬਾਰੇ ਗੱਲ ਕਰਦਿਆਂ ਵਿਧਾਇਕ ਨੇ ਕਿਹਾ, “ਪੂਰੇ ਕਪੂਰਥਲਾ ਜ਼ਿਲ੍ਹੇ, ਜਿਸ ਵਿੱਚ ਸੁਲਤਾਨਪੁਰ ਲੋਧੀ ਵੀ ਸ਼ਾਮਲ ਹੈ, ਕੋਲ ਅਚਾਨਕ ਆਈ ਹੜ੍ਹਾਂ ਜਾਂ ਬੰਨ੍ਹ ਟੁੱਟਣ ਦੀ ਸਥਿਤੀ ਨੂੰ ਸੰਭਾਲਣ ਲਈ 5,000 ਰੇਤ ਦੇ ਬੋਰੇ ਜਾਂ 50 ਕਰੇਟ ਵੀ ਤਿਆਰ ਨਹੀਂ ਹਨ। ਇਹ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੀ ਸਰਕਾਰੀ ਮਸ਼ੀਨਰੀ ਦੀ ਲਾਪਰਵਾਹੀ ਅਤੇ ਅਯੋਗਤਾ ਹੈ।” ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਤੇ ਗੰਭੀਰ ਕਦਮ ਚੁੱਕ ਕੇ ਇਸ ਖ਼ਤਰੇ ਨੂੰ ਵਧਣ ਤੋਂ ਰੋਕੇ।