ਸਿੱਧੂ ਮੂਸੇਵਾਲਾ ਦੇ ਕਰੀਬੀ ਟਰਾਂਸਪੋਰਟਰ ਦੇ ਘਰ ਤੇ ਫਾਇਰਿੰਗ ਕਰਨ ਦੇ ਮਾਮਲੇ ’ਚ ਤਿੰਨ ਗ੍ਰਿਫਤਾਰ
ਅਸ਼ੋਕ ਵਰਮਾ
ਮਾਨਸਾ,9ਫਰਵਰੀ2025:ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਰੀਬੀ ਟਰਾਂਸਪੋਰਟਰ ਪ੍ਰਗਟ ਸਿੰਘ ਦੇ ਘਰ ਫਾਇਰਿੰਗ ਕਰਨ ਅਤੇ 30 ਲੱਖ ਰੁਪਏ ਫਿਰੌਤੀ ਮੰਗਣ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਲਲਹੌਜੀ ਤੋਂ ਗ੍ਰਿਫਤਾਰ ਕਰਨ ’ਚ ਸਫਲ ਰਹੀ ਹੈ। ਗ੍ਰਿਫਤਾਰ ਕੀਤੇ ਮੁਲਜਮਾਂ ਵਿੱਚ ਗੁਰਦਾਸਪੁਰ ਦਾ ਸ਼ੂਟਰ ਅੰਮ੍ਰਿਤਪਾਲ ਸਿੰਘ ਸੁਖਬੀਰ ਉਰਫ ਸੋਨੀ ਮਾਨ,ਜਸ਼ਨਪ੍ਰੀਤ ਸਿੰਘ ਅਤੇ ਨੂਰਪ੍ਰੀਤ ਸ਼ਾਮਲ ਹਨ। ਮੁਲਜਮਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਸੀ ਜਿੱਥੋ ਉਨ੍ਹਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਡੂੰਘਾਈ ਨਾਲ ਪੁੱਛ ਪੜਤਾਲ ਕਰੇਗੀ।
ਇਹ ਵਾਰਦਾਤ ਬੀਤੇਐਤਵਾਰ ਦੀ ਜਦੋਂ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਪਰਗਟ ਸਿੰਘ ਦੇ ਘਰ ਤੇ ਫਾਇਰਿੰਗ ਕਰਕੇ 30 ਲੱਖ ਰੁਪਏ ਫਿਰੌਤੀ ਦੇਣ ਦੀ ਮੰਗ ਕੀਤੀ ਸੀ। ਇਸ ਮਾਮਲੇ ’ਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਹਿਲਾਂ ਗੈਂਗਸਟਰ ਜੱਸੀ ਪੈਂਚਰ ਸਮੇਤ ਦੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਸੂਤਰ ਦੱਸਦੇ ਹਨ ਕਿ ਮੁਲਜਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਾਕਿਸਤਾਨਤੋਂ ਡਰੋਨ ਰਾਹਂੀ ਹਥਿਆਰ ਮੰਗਵਾਏ ਸਨ। ਪੁਲਿਸ ਇਸ ਪੱਖ ਤੋਂ ਵੀ ਕਾਫੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਮਾਨਸਾ ਪੁਲਿਸ ਇਸ ਮਾਮਲੇ ਨੂੰ ਇਸ ਕਰਕੇ ਵੀ ਸੰਵਦੇਨਸ਼ੀਲ ਮੰਨ ਕੇ ਚੱਲ ਰਹੀ ਹੈ ਕਿ ਪਰਗਟ ਸਿੰਘ ਮਰਹੂਮ ਸਿੱਧੂ ਮੂਸੇਵਾਲਾ ਦਾ ਬੇਹੱਦ ਕਰੀਬੀ ਸੀ।