ਸ਼ੂਗਰ ਮਿੱਲ ਵਿੱਚ ਕੰਮ ਕਰਦੇ ਪ੍ਰਵਾਸੀ ਦਾ ਕਤਲ ਕਰਨ ਵਾਲੇ ਤਿੰਨ ਲੁਟੇਰਿਆਂ ਵਿੱਚੋਂ ਇੱਕ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ , 10 ਮਾਰਚ 2025 :
ਰਾਣਾ ਸ਼ੂਗਰ ਮਿੱਲ ਬੁੱਟਰ ਸਿਵਿਆਂ ਵਿੱਚ ਸਰਵੇਅਰ ਦਾ ਕੰਮ ਕਰਦੇ ਮੁਲਾਜ਼ਮ ਰਾਮ ਜੀਵਨ ਨਾਂ ਦੇ ਪ੍ਰਵਾਸੀ ਦੀ ਬੀਤੇ ਦਿਨੀਂ ਅਣਪਛਾਤੇ ਵਿਆਕਤੀਆਂ ਵੱਲੋਂ ਲੁਟ ਖੋਹ ਕਰਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘੁਮਾਣ ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਲੁਟੇਰਿਆਂ ਵਿੱਚ ਇਕ ਲੁਟੇਰੇ ਨੂੰ ਗਿਰਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀ ਐਸ ਪੀ ਸ੍ਰੀ ਹਰਗੋਬਿੰਦਪੁਰ ਹਰਕਿਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਰਾਣਾ ਸ਼ੂਗਰ ਮਿੱਲ ਦੇ ਦੋ ਮੁਲਾਜ਼ਮਾਂ ਰਾਮ ਜੀਵਨ ਸ਼ੁਕਲਾ ਅਤੇ ਦਿਨੇਸ਼ ਕੁਮਾਰ ਜਦੋਂ ਹਿਮਾਚਲ ਨੂੰ ਜਾ ਰਹੇ ਸਨ ਤਾਂ ਪਿੰਡ ਮਹਿਮਦਪੁਰ ਦੇ ਨਜ਼ਦੀਕ ਉਨ੍ਹਾਂ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਨੇ ਲੁਟਣ ਦੀ ਨੀਅਤ ਨਾਲ ਰੋਕ ਲਿਆ ਜਦੋਂ ਦੋਹਾਂ ਮੁਲਾਜ਼ਮਾਂ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਰਾਮ ਜੀਵਨ ਸ਼ੁਕਲਾ ਵਾਸੀ ਯੂ ਪੀ ਲਖੀਮਪੁਰ ਖੀਰੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਐਸ ਐਸ ਪੀ ਬਟਾਲਾ ਸੁਹੇਲ ਕਾਸਿਮ ਮੀਰ ਆਈ ਪੀ ਐਸ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਸੀ ਆਈ ਏ ਸਟਾਫ ਬਟਾਲਾ ਦੇ ਇੰਸਪੈਕਟਰ ਸੁਖਰਾਜ ਸਿੰਘ ਅਤੇ ਪੁਲਿਸ ਥਾਣਾ ਘੁਮਾਣ ਦੇ ਤਫਦੀਸ਼ ਅਫਸਰ ਸਬ ਇੰਸਪੈਕਟਰ ਹਰਜੀਤ ਸਿੰਘ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਅਤੇ ਤਕਨੀਕੀ ਮਾਹਰਾਂ ਦੀ ਮਦਦ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਜੋਬਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬੋਹਜਾ ਨੂੰ ਮ੍ਰਿਤਕ ਕੋਲੋਂ ਖੋਹੇ ਗਏ ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਲੁਟੇਰੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਾਕੀ ਲੁਟੇਰਿਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ