ਸਰਕਾਰੀ ਹਸਪਤਾਲ ਗੋਨਿਆਣਾ ਨੂੰ ਮਿਲੇ ਸਰਜਨ ਅਤੇ ਔਰਤ ਰੋਗ ਮਾਹਿਰ ਡਾਕਟਰ: ਡਾ ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 26 ਮਾਰਚ 2025: ਪਿਛਲੇ ਕੁੱਝ ਸਮੇਂ ਤੋਂ ਡਾਕਟਰਾਂ ਦੀ ਕਮੀ ਨਾਲ ਜੂਝ ਰਹੀ ਸਥਾਨਕ ਸੀ.ਐਚ.ਸੀ. ਨੂੰ ਹੁਣ ਜਰਨਲ ਸਰਜਨ ਅਤੇ ਔਰਤ ਰੋਗ ਮਾਹਿਰ ਦੇ ਰੂਪ ਵਿੱਚ ਦੋ ਹੋਰ ਡਾਕਟਰ ਮਿਲ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਦੱਸਿਆ ਕਿ ਨਵੇਂ ਡਾਕਟਰਾਂ ਦੇ ਆਉਣ ਨਾਲ ਸੀ.ਐਚ.ਸੀ. ਦੇ ਕੰਮ—ਕਾਜ਼ ਵਿੱਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਆਪਰੇਸ਼ਨਾਂ ਦੇ ਮਾਹਿਰ ਵਜੋਂ ਡਾਕਟਰ ਦੀਪਕ ਰਾਏ ਇੱਥੇ ਨਿਯੁਕਤ ਹੋਏ ਹਨ ਜਦਕਿ ਔਰਤ ਰੋਗ ਮਾਹਿਰ ਵਜੋਂ ਡਾਕਟਰ ਮੋਨਿਕਾ ਨੇ ਆਪਣਾ ਆਹੁਦਾ ਸੰਭਾਲਿਆ ਹੈ। ਐਸ.ਐਮ.ਓ. ਡਾ: ਗੁਪਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੱਥੇ ਛਾਤੀ ਅਤੇ ਟੀ.ਬੀ. ਰੋਗ ਮਾਹਿਰ ਵਜੋਂ ਡਾਕਟਰ ਕਮਲ ਗਰਗ ਨੇ ਕੁੱਝ ਮਹੀਨੇ ਪਹਿਲਾਂ ਹੀ ਆਪਣਾ ਆਹੁਦਾ ਸੰਭਾਲਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਤਿੰਨ੍ਹਾਂ ਤੋਂ ਇਲਾਵਾ ਇੱਥੇ ਮੈਡੀਸਨ ਮਾਹਿਰ ਅਤੇ ਬੱਚਾ ਰੋਗ ਮਾਹਿਰ ਡਾਕਟਰ ਪਹਿਲਾਂ ਹੀ ਮੌਜੂਦ ਹਨ।
ਉਨ੍ਹਾਂ ਇੰਨ੍ਹਾਂ ਨਿਯੁਕਤੀਆਂ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਡਾਇਰੈਕਟਰ ਡਾਕਟਰ ਅਨਿਲ ਗੋਇਲ ਦਾ ਧੰਨਵਾਦ ਕੀਤਾ। ਸਵਾਮੀ ਵਿਵੇਕਾਨੰਦ ਸੇਵਾ ਸੰਮਤੀ ਦੇ ਪ੍ਰਧਾਨ ਗੋਬਿੰਦ ਰਾਮ , ਨਗਰ ਕੌਂਸਲ ਦੇ ਪ੍ਰਧਾਨ ਕਸ਼ਮੀਰੀ ਲਾਲ, ਰੋਟਰੀ ਕਲੱਬ ਦੇ ਪ੍ਰੋਜੈਕਟ ਡਾਇਰੈਕਰ ਬਲਵਿੰਦਰ ਸਿੰਘ ਧੀਂਗੜਾ, ਪ੍ਰਮੋਦ ਕੁਮਾਰ ਆਦਿ ਸਮੇਤ ਰੋਗੀ ਕਲਿਆਣ ਸੰਮਤੀ ਦੇ ਸਮੂਹ ਮੈਂਬਰਾਂ ਨੇ ਆਏ ਡਾਕਟਰਾਂ ਦਾ ਸਵਾਗਤ ਅਤੇ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਬੱਚਾ ਰੋਗ ਮਾਹਿਰ ਡਾ: ਮੋਨਿਸ਼ਾ ਗਰਗ, ਮੈਡੀਸਨ ਮਾਹਿਰ ਡਾ: ਸ਼ੈਰੀ ਗਰਗ, ਚੀਫ਼ ਫਾਰਮੇਸੀ ਅਫ਼ਸਰ ਅਪਰਤੇਜ਼ ਕੌਰ, ਆਰ.ਐਮ.ਓ. ਡਾ: ਦਿਨੇਸ਼ ਕੁਮਾਰ, ਡਾ: ਪੰਕਜ ਕੁਮਾਰ, ਬਲਾਕ ਐਜੂਕੇਟਰ ਮਹੇਸ਼ ਸ਼ਰਮਾ, ਬੀ.ਐਸ.ਏ. ਬਲਵਿੰਦਰਜੀਤ ਸਿੰਘ, ਸੀਨੀਅਰ ਸਹਾਇਕ ਰਾਜ ਕੁਮਾਰ, ਕਲਰਕ ਪੁਨੀਤ ਸ਼ਰਮਾਂ, ਕੰਵਲ ਪੁਨੀਤ ਸਿੰਘ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।