ਲੜਕੀਆਂ ਨੂੰ ਕਮਿਸ਼ਨਡ ਅਫ਼ਸਰ ਵਜੋਂ ਕੈਰੀਅਰ ਸ਼ੁਰੂ ਕਰਨ ਲਈ ਸੁਨਹਿਰੀ ਮੌਕਾ
- ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫ਼ਾਰ ਗਰਲਜ਼ ਵੱਲੋਂ 27 ਅਪ੍ਰੈਲ 2025 ‘ਚ ਲਈ ਜਾਵੇਗੀ ਦਾਖਲਾ ਪ੍ਰੀਖਿਆ
ਫਾਜਿਲਕਾ, 11 ਮਾਰਚ 2025 - ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਮਾਈ ਭਾਗੋ ਏਐਫਪੀਆਈ) ਪੰਜਾਬ ਸਰਕਾਰ ਦੁਆਰਾ ਸੈਕਟਰ 66, ਐਸਏਐਸ ਨਗਰ (ਮੁਹਾਲੀ) ਵਿੱਚ ਲੜਕੀਆਂ ਲਈ ਸਥਾਪਤ ਕੀਤਾ ਗਿਆ ਹੈ। ਇਸ ਇੰਸਟੀਚਿਊਟ ਵਿੱਚ ਨੌਜਵਾਨ ਕੁੜੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਕਰੀਅਰ ਲਈ ਸਿਖਲਾਈ ਦਿੱਤੀ ਜਾਂਦੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਕਮਿਸ਼ਨਡ ਅਫਸਰ ਵਜੋਂ ਕੈਰੀਅਰ ਸ਼ੁਰੂ ਕਰਨ ਦੀਆਂ ਚਾਹਵਾਨ ਲੜਕੀਆਂ ਨੂੰ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੁਹਾਲੀ ਵਿਖੇ ਸਿਖਲਾਈ ਹਾਸਿਲ ਕਰਨ ਦਾ ਇਹ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ (ਐਮ.ਬੀ.ਏ.ਐਫ.ਪੀ.ਆਈ), ਮੁਹਾਲੀ ਵੱਲੋਂ 27 ਅਪ੍ਰੈਲ 2025 ‘ਚ ਗਿਆਰਵੇਂ ਬੈਚ ਲਈ ਦਾਖਲਾ ਪ੍ਰੀਖਿਆ ਲਈ ਜਾਣੀ ਹੈ ।
ਉਨ੍ਹਾਂ ਦੱਸਿਆ ਕਿ ਸੰਸਥਾ ਆਪਣੇ ਗ੍ਰੈਜੂਏਟ ਬੈਚ ਲਈ 10+2 ਤੋਂ ਬਾਅਦ ਕੁੜੀਆਂ ਦੀ ਚੋਣ ਕਰਦੀ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਮਹਿਲਾ ਅਫਸਰ ਐਂਟਰੀ ਸਕੀਮਾਂ ਰਾਹੀਂ ਰੱਖਿਆ ਸੇਵਾਵਾਂ ਵਿੱਚ ਕਮਿਸ਼ਨ ਲਈ ਤਿਆਰ ਕਰਦੀ ਹੈ। ਐਮ.ਬੀ.ਏ.ਐਫ.ਪੀ.ਆਈ. ਸੰਸਥਾ ਵਿੱਚ ਆਮ ਜਾਣਕਾਰੀ, ਕਮਿਊਨੀਕੇਸ਼ਨ ਸਕਿੱਲਜ਼, ਵਿਅਕਤੀਤਵ ਵਿਕਾਸ ਤੇ ਆਤਮ-ਵਿਸ਼ਵਾਸ ਸਿਰਜਣਾ, ਐਨ.ਸੀ.ਸੀ. ਸਿਖਲਾਈ, ਸਰੀਰਕ ਸਿੱਖਿਆ ਅਤੇ ਅੰਦਰੂਨੀ ਤੇ ਬਾਹਰੀ ਖੇਡ ਗਤੀਵਿਧੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਵਿਦਿਆਰਥਣਾਂ ਨੂੰ ਪੇਸ਼ੇਵਰਾਂ ਵਲੋਂ ਐੱਸ.ਐੱਸ.ਬੀ. ਅਤੇ ਹਥਿਆਰਬੰਦ ਬਲਾਂ ਵਿੱਚ ਜਾਣ ਲਈ ਦਾਖਲਾ ਪ੍ਰੀਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਥੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਐਮ.ਸੀ.ਐਮ. ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ 3 ਸਾਲ ਦੀ ਗ੍ਰੈਜੂਏਸ਼ਨ ਡਿਗਰੀ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਿਨੈਕਾਰਾਂ ਲਈ ਮੁੱਢਲੀ ਯੋਗਤਾ ਵਿਚ ਪੰਜਾਬ ਦਾ ਵਸਨੀਕ ਹੋਣਾ ਅਤੇ ਬਾਰਵੀਂ ਦੀ ਪ੍ਰੀਖਿਆ ਪਾਸ ਕੀਤੇ ਹੋਣਾ ਸ਼ਾਮਲ ਹੈ।
ਚਾਹਵਾਨ ਉਮੀਦਵਾਰ ਦਾਖਲਾ ਪ੍ਰੀਖਿਆ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਜਲਜ਼ ਦੇ ਆਨਲਾਈਨ ਪੋਰਟਲ www.mbafpigirls.in ‘ਤੇ ਕਲਿੱਕ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ, ਬੋਰਡਿੰਗ, ਰਿਹਾਇਸ਼, ਮੈਸਿੰਗ, ਵਰਦੀਆਂ ਅਤੇ ਪਹਿਰਾਵੇ ਆਦਿ ਦੀ ਪੂਰੀ ਲਾਗਤ ਪੰਜਾਬ ਸਰਕਾਰ ਦੁਆਰਾ ਅਦਾ ਕੀਤੀ ਜਾਂਦੀ ਹੈ ।