ਰੂਪਨਗਰ: ਸਰਹਿੰਦ ਨਹਿਰ 'ਤੇ ਬਣੇ ਸਟੀਲ ਪੁਲ ਦੇ ਇਕ ਪਾਸੇ ਤੋਂ ਪ੍ਰੀਖਣ ਸ਼ੁਰੂ, ਜਲਦ ਹੋਵੇਗਾ ਰਸਮੀ ਉਦਘਾਟਨ
ਦਰਸ਼ਨ ਗਰੇਵਾਲ
ਰੂਪਨਗਰ, 21 ਫਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਲੁੱਜ ਦਰਿਆ ਤੋਂ ਨਿਕਲਦੀ ਸਰਹਿੰਦ ਨਹਿਰ 'ਤੇ ਬਣੇ ਸਟੀਲ ਪੁਲ ਦੇ ਇਕ ਪਾਸੇ ਤੋਂ ਪ੍ਰੀਖਣ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਸੀਮਤ ਗਿਣਤੀ ਵਿੱਚ ਵਾਹਨ ਵੀ ਪੁੱਲ ਤੋਂ ਗੁਜ਼ਰ ਰਹੇ ਹਨ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਸ ਦਾ ਰਸਮੀ ਉਦਘਾਟਨ ਵੀ ਜਲਦ ਕੀਤਾ ਜਾਵੇਗਾ ਅਤੇ ਇਸਦਾ ਪ੍ਰੀਖਣ ਮੁਕੰਮਲ ਹੋਣ ਉਪਰੰਤ ਦੋਵੋਂ ਪਾਸੇ ਦੀਆਂ ਸੜਕਾਂ ਤੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਚਾਰ ਲੇਨ ਪੁੱਲ ਦੇ ਚੱਲਣ ਨਾਲ ਜਿੱਥੇ ਦਰਜਨਾਂ ਪਿੰਡ ਵਾਸੀਆਂ ਅਤੇ ਦੁਆਬੇ ਦੇ ਇਲਾਕੇ ਸਮੇਤ ਨੂਰਪੁਰ ਬੇਦੀ ਇਲਾਕੇ ਨੂੰ ਵੀ ਵੱਡੀ ਰਾਹਤ ਮਿਲੇਗੀ ਉਥੇ ਹੀ ਸ਼ਹਿਰ ਦੀ ਟ੍ਰੈਫਿਕ ਵਿਚ ਵੀ ਸੁਧਾਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ 135 ਮੀਟਰ ਲੰਬੇ 4-ਮਾਰਗੀ ਸਟੀਲ ਪੁਲ ਦੇ ਨਿਰਮਾਣ ਨਾਲ ਟ੍ਰੈਫਿਕ ਘਟੇਗਾ ਅਤੇ ਚੰਡੀਗੜ ਤੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੱਕ ਜਾਣ ਵਾਲੇ ਲੋਕਾਂ ਲਈ ਆਵਾਜਾਈ ਨੂੰ ਵੀ ਸੌਖਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਪੁੱਲ ਦੇ ਫੁੱਟਪਾਥ -1.5 ਮੀਟਰ, ਉੱਚ ਤਣਾਅ ਵਾਲੇ ਸਟੀਲ ਸਟ੍ਰੈਂਡਸ, ਹੈਂਗਰਾਂ ਦੀ ਗਿਣਤੀ ਹਰੇਕ ਸਪੈਨ ਵਿੱਚ 72, ਮਾਡਯੂਲਰ ਸਟ੍ਰਿਪ ਸੀਲ ਐਕਸਪੈਂਸ਼ਨ ਜੁਆਇੰਟ ਆਦਿ ਨੂੰ ਪੰਜਾਬ ਦੀਆਂ ਵੱਕਾਰੀ ਯੂਨੀਵਰਸਿਟੀਆਂ ਦੇ ਮਾਹਿਰਾਂ ਦੁਆਰਾ ਸੜਕ ਸੁਰੱਖਿਆ ਦਾ ਮੁਲਾਂਕਣ ਕੀਤਾ ਗਿਆ ਹੈ।