ਮੇਅਰ ਪਦਮਜੀਤ ਮਹਿਤਾ ਵੱਲੋਂ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਦਾ ਬਠਿੰਡਾ ਵਿੱਚ ਸਵਾਗਤ
ਅਸ਼ੋਕ ਵਰਮਾ
ਬਠਿੰਡਾ, 11 ਮਾਰਚ 2025: ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਨੇ ਅੱਜ ਭਾਰਤ ਦੇ ਪਹਿਲੇ ਨਾਗਰਿਕ ਮਹਾਮਹਿਮ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਦਾ ਬਠਿੰਡਾ ਆਉਣ 'ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਰਾਸ਼ਟਰਪਤੀ ਬਠਿੰਡਾ ਦੇ ਕੇਂਦਰੀ ਯੂਨੀਵਰਸਿਟੀ (ਸੈਂਟਰਲ ਯੂਨੀਵਰਸਿਟੀ ਆਫ ਪੰਜਾਬ) ਤੇ ਅਖਿਲ ਭਾਰਤੀ ਆਯੁਰ ਵਿਗਿਆਨ ਸੰਸਥਾਨ (ਏਮਜ਼) ਬਠਿੰਡਾ ਦੇ ਡਿਗਰੀ ਵੰਡ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਏ ਸਨ। ਮੇਅਰ ਸ਼੍ਰੀ ਮਹਿਤਾ ਨੇ ਉੱਚ ਅਧਿਕਾਰੀਆਂ ਅਤੇ ਪਤਵੰਤਿਆਂ ਨਾਲ ਮਿਲ ਕੇ ਰਾਸ਼ਟਰਪਤੀ ਨੂੰ ਬਠਿੰਡਾ ਹਵਾਈ ਅੱਡੇ ਤੇ ਜੀ ਆਇਆ ਆਖਿਆ। ਉਨ੍ਹਾਂ ਨੇ ਰਾਸ਼ਟਰਪਤੀ ਦਾ ਬਠਿੰਡਾ ਆਉਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਤਰਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਤੇ ਬਠਿੰਡਾ ਨੂੰ ਇੱਕ ਉਭਰਦੇ ਹੋਏ ਸਿੱਖਿਆ ਕੇਂਦਰ ਦੇ ਰੂਪ ਵਿੱਚ ਮਜਬੂਤ ਕਰਨ ਲਈ ਬਹੁਤ ਮਹੱਤਵਪੂਰਨ ਹੈ।
ਉਹਨਾਂ ਕਿਹਾ ਕਿ ਆਪਣੇ ਦੌਰੇ ਦੌਰਾਨ ਮਹਾਮਹਿਮ ਰਾਸ਼ਟਰਪਤੀ ਨੇ ਦੋਵੇਂ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਸਟਾਫ ਨੂੰ ਸੰਬੋਧਨ ਕੀਤਾ ਅਤੇ ਉੱਚ ਸਿੱਖਿਆ, ਸ਼ੋਧ ਤੇ ਸਿਹਤ ਦੇਖਭਾਲ ਦੇ ਮਹੱਤਵ ਤੇ ਪ੍ਰਕਾਸ਼ ਪਾਇਆ। ਉਨ੍ਹਾਂ ਦੀ ਹਾਜ਼ਰੀ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪ੍ਰੇਰਣਾ ਮਿਲੇਗੀ ਅਤੇ ਇਹ ਬਠਿੰਡਾ ਦੇ ਸਿੱਖਿਅਕ ਸੰਸਥਾਵਾਂ ਲਈ ਇੱਕ ਇਤਿਹਾਸਿਕ ਅਵਸਰ ਸਾਬਿਤ ਹੋਵੇਗਾ। ਮੇਅਰ ਸ਼੍ਰੀ ਮਹਿਤਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਨੂੰ ਮਹਾਮਹਿਮ ਰਾਸ਼ਟਰਪਤੀ ਦੀ ਮੇਜਬਾਨੀ ਕਰਨ ਦਾ ਗੌਰਵ ਪ੍ਰਾਪਤ ਹੋਇਆ ਹੈ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਯਾਤਰਾ ਨੂੰ ਸਫ਼ਲ ਤੇ ਸੁਚਾਰੂ ਬਣਾਉਣ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ, ਜਿਸ ਦੇ ਲਈ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਵਧਾਈ ਦੇ ਪਾਤਰ ਹਨ।