ਪੀ.ਏ.ਯੂ. ਦੇ ਵਿਗਿਆਨੀ ਨੇ ਧਰਤੀ ਹੇਠਲੇ ਪਾਣੀ ਬਾਰੇ ਕਾਨਫਰੰਸ ਵਿਚ ਇਨਾਮ ਜਿੱਤਿਆ
ਲੁਧਿਆਣਾ 12 ਮਾਰਚ, 2025 - ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਵਿਗਿਆਨੀ ਡਾ. ਸੰਜੇ ਸਤਪੁਤੇ ਨੇ ਬੀਤੇ ਦਿਨੀਂ ਰੁੜਕੀ ਵਿਖੇ ਹੋਈ 10ਵੀਂ ਅੰਤਰਰਾਸ਼ਟਰੀ ਧਰਤੀ ਹੇਠਲੇ ਪਾਣੀ ਬਾਰੇ ਕਾਨਫਰੰਸ ਵਿਚ ਜ਼ੁਬਾਨੀ ਪੇਪਰ ਪੇਸ਼ ਕਰਨ ਲਈ ਸਰਵੋਤਮ ਇਨਾਮ ਜਿੱਤਿਆ| ਇਹ ਕਾਨਫਰੰਸ ਗਰਾਊਂਡ ਵਾਟਰ ਵੀਜ਼ਨ 2047 ਸਿਰਲੇਖ ਹੇਠ ਪਾਣੀ ਦੀਆਂ ਬਦਲਦੀਆਂ ਸਥਿਤੀਆਂ ਦੇ ਸੰਬੰਧ ਵਿਚ ਆਯੋਜਿਤ ਕੀਤੀ ਗਈ ਸੀ| ਡਾ. ਸਤਪੁਤੇ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡਾਂ ਦੇ ਛੱਪੜਾਂ ਦੀ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੀ ਸਮਰੱਥਾ ਬਾਰੇ ਪੇਪਰ ਪੇਸ਼ ਕੀਤਾ| ਇਹ ਪੇਪਰ ਸਾਂਝੇ ਰੂਪ ਵਿਚ ਡਾ. ਸੰਜੇ ਸਤਪੁਤੇ, ਅੰਕਿਤਾ ਛਿੰਦੇ, ਸਮਨਪ੍ਰੀਤ ਕੌਰ, ਐੱਸ ਕੇ ਸਾਹੂ ਅਤੇ ਜੇ ਪੀ ਸਿੰਘ ਵੱਲੋਂ ਲਿਖਿਆ ਗਿਆ ਸੀ| ਇਹ ਅਧਿਐਨ ਅੰਕਿਤਾ ਛਿੰਦੇ ਦੇ ਐੱਮ ਟੈੱਕ ਥੀਸਸ ਦਾ ਹਿੱਸਾ ਸੀ ਜੋ ਉਸਨੇ ਸਿੰਚਾਈ ਪਾਣੀ ਦੇ ਪ੍ਰਬੰਧਨ ਸੰਬੰਧੀ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਲਿਖਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਸੰਬੰਧਿਤ ਵਿਗਿਆਨੀਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ|