ਮਹਿਲਾਵਾਂ ਛੋਟੇ ਤੋਂ ਵੱਡੇ ਕੰਮ ਕਰਨ ਨੂੰ ਦੇਣ ਤਰਜੀਹ: ADC ਮੈਡਮ ਕੰਚਨ
ਅਸ਼ੋਕ ਵਰਮਾ
ਬਠਿੰਡਾ, 26 ਮਾਰਚ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਹੀ ਵਾਲੀ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਅਤੇ ਔਰਤਾਂ ਨੂੰ ਰੋਜ਼ਗਾਰ ਤੇ ਉਨ੍ਹਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਅਤੇ ਕ੍ਰਾਂਤੀਕਾਰੀ ਪਹਿਲ ਕਦਮੀ ਕੀਤੀਆਂ ਜਾ ਰਹੀਆਂ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਨੇ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ ਪੰਜਾਬ ਸਟੇਟ ਰੂਰਲ ਲਾਈਵਲੀਹੂਡ ਮਿਸ਼ਨ ਤਹਿਤ ਐਸ.ਐਚ.ਜੀ ਲੋਨ ਮੇਲੇ 'ਚ ਸ਼ਿਰਕਤ ਕਰਕੇ 138 ਸੈਲਫ਼ ਹੈਲਪ ਗਰੁੱਪਾਂ ਨੂੰ 74230000 ਰੁਪਏ ਦੇ ਲੋਨ ਦੇ ਚੈੱਕ ਵੰਡਣ ਉਪਰੰਤ ਸਾਂਝੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਉਹ ਛੋਟੇ ਕੰਮ ਸ਼ੁਰੂ ਕਰਕੇ ਹੀ ਵੱਡੇ ਕੰਮ ਕਰਨ ਨੂੰ ਤਰਜੀਹ ਦੇਣ। ਉਹਨਾਂ ਇਹ ਵੀ ਕਿਹਾ ਕਿ ਉਹ ਪਿੰਡ ਤੱਕ ਹੀ ਸੀਮਤ ਨਾ ਰਹਿਣ ਸਗੋਂ ਸ਼ਹਿਰਾਂ ਤੱਕ ਆਪੋ-ਆਪਣੇ ਪ੍ਰੋਜੈਕਟਾਂ ਨੂੰ ਪਹੁੰਚਾਉਣ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਮਹਿਲਾਵਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਔਰਤ ਆਪਣਾ ਸਵੈ ਰੋਜ਼ਗਾਰ ਚਲਾਉਣਾ ਚਾਹੁੰਦੀ ਹੈ ਤਾਂ ਉਹ ਸ਼ੈਲਫ਼ ਹੈਲਪ ਗਰੁੱਪ ਨਾਲ ਜੁੜ ਕੇ ਸਿਖਲਾਈ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੂੰ ਅੱਗੇ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਵੱਧ ਤੋਂ ਵੱਧ ਸੈਲਫ ਹੈਲਪ ਗਰੁੱਪ ਨਾਲ ਜੁੜਨ ਦੀ ਵੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਤਕਰੀਬਨ 3700 ਸੈਲਫ ਹੈਲਪ ਗਰੁੱਪ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਘਰੇਲੂ ਸਮਾਨ ਜਿਵੇਂ ਕਿ ਆਚਾਰ, ਮੁਰੱਬਿਆਂ ਤੋਂ ਇਲਾਵਾ ਸ਼ਹਿਦ, ਬੇਕਰੀ, ਡੇਅਰੀ ਫਾਰਮਿੰਗ ਆਦਿ ਸਬੰਧੀ ਮਹਿਲਾਵਾਂ ਵੱਲੋਂ ਸਮਾਨ ਤਿਆਰ ਕਰਕੇ ਵਿਕਰੀ ਲਈ ਸ਼ਹਿਰਾਂ ਵੱਲ ਭੇਜਿਆਂ ਜਾ ਰਿਹਾ ਹੈ।
ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਈਆਂ ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਵੱਲੋਂ ਆਪੋ ਆਪਣੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਕੇਨਰਾ ਬੈਂਕ, ਪੰਜਾਬ ਗ੍ਰਾਮਿਣ ਬੈਂਕ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਯੂਕੋ ਅਤੇ ਪੰਜਾਬ ਸਟੇਟ ਬੈਂਕ ਆਫ ਇੰਡੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਪਿੰਡਾਂ ਵਿੱਚ ਚੱਲ ਰਹੇ ਸੈਲਫ ਹੈਲਪ ਗਰੁੱਪ ਦੀਆਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਆਦਿ ਹਾਜ਼ਰ ਸਨ।