ਪੰਜਾਬ ਵਿੱਚ ਬੰਬ ਆਉਣ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਬਾਜਵਾ ਦੇ ਬਚਾਅ ਵਿੱਚ ਆਏ ਰਾਜਾ ਵੜਿੰਗ
ਅਸ਼ੋਕ ਵਰਮਾ
ਬਠਿੰਡਾ, 13 ਅਪ੍ਰੈਲ 2025: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੂਬੇ ਵਿੱਚ 32 ਬੰਬ ਆਉਣ ਅਤੇ 18 ਚੱਲਣ ਸਬੰਧੀ ਦਿੱਤੇ ਬਿਆਨ ਦੇ ਮਾਮਲੇ ਨੂੰ ਲੈ ਕੇ ਕਸੂਤਾ ਫਸਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਜਵਾ ਦੇ ਬਚਾਅ ਵਿੱਚ ਅੱਗੇ ਆਏ ਹਨ। ਅੱਜ ਬਠਿੰਡਾ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕਥਿਤ ਤੌਰ ਤੇ ਧਮਕਾਉਣ ਦੀ ਬਜਾਏ ਆਪਣੇ ਖੁਫੀਆ ਵਿਭਾਗ ਦੀ ਨਲਾਇਕੀ ਵੱਲ ਧਿਆਨ ਦੇਣ । ਉਨਾਂ ਦਾਅਵਾ ਕੀਤਾ ਕਿ ਇੰਟੈਲੀਜੈਂਸ ਬਿਊਰੋ ਵੱਲੋਂ ਹਿੰਦੂ ਨੇਤਾ ਤੇ ਹਮਲਾ ਹੋਣ ਦੀ ਇਨਪੁੱਟ ਦੇ ਬਾਵਜੂਦ ਖੁਫੀਆ ਵਿਭਾਗ ਚੌਕਿਸ ਨਹੀਂ ਹੋਇਆ ।
ਪ੍ਰਤਾਪ ਸਿੰਘ ਬਾਜਵਾ ਦੀ ਹਮਾਇਤ ਵਿੱਚ ਖੁੱਲ੍ਹ ਕੇ ਆਏ ਰਾਜਾ ਵੜਿੰਗ ਨੇ ਦਾਅਵਾ ਕਰਦਿਆਂ ਮੁੱਖ ਮੰਤਰੀ ਨੂੰ ਕਿਹਾ ਕਿ ਆਈਬੀ ਨੇ ਹਿੰਦੂ ਆਗੂ ਤੇ ਹਮਲਾ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਤੇ ਗਰਨੇਡ ਅਟੈਕ ਹੋ ਵੀ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਫੇਲ ਹੋ ਚੁੱਕੇ ਖੁਬੀਆ ਵਿਭਾਗ ਵੱਲ ਧਿਆਨ ਦੇਣ ਨਾ ਕਿ ਵਿਰੋਧੀ ਧਿਰ ਦੇ ਆਗੂ ਸਮੇਤ ਪਾਰਟੀਆਂ ਨੂੰ ਧਮਕਾਉਣ ਦੀ ਬਿਆਨਬਾਜੀ ਕਰਨ। ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤਾ ਬਿਆਨ ਅਖਬਾਰੀ ਸੁਰਖੀਆਂ ਹਨ ਜਿਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ 50 ਬੰਬਾਂ ਵਿੱਚੋਂ 9 ਬੰਬ ਕਿੱਥੇ ਹਨ ਇਸਦਾ ਖੁਲਾਸਾ ਵੀ ਹਾਲੇ ਤੱਕ ਪੰਜਾਬ ਪੁਲਿਸ ਨਹੀਂ ਕਰ ਸਕੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬਾਜਵਾ ਵੱਲੋਂ ਅਖਬਾਰੀ ਸੁਰਖੀਆਂ ਦੇ ਮੱਦੇ ਨਜ਼ਰ ਬਿਆਨ ਦਿੱਤਾ ਗਿਆ ਹੈ ਅਤੇ ਇਹ ਸਾਫ ਵੀ ਹੈ ਕਿ ਲਗਾਤਾਰ 18 ਬੰਬ ਬਲਾਸਟ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਕਈ ਹਾਲੇ ਹੋਣ ਵਾਲੇ ਵੀ ਹੋ ਸਕਦੇ ਹਨ, ਜਿਸ ਪਾਸੇ ਖੁਫੀਆ ਵਿਭਾਗ ਨੂੰ ਚੌਕਸੀ ਰੱਖਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਵਿਭਾਗ ਨੂੰ ਚੌਕਸ ਕਰਨਾ ਚਾਹੀਦਾ ਹੈ। ਰਾਜਾ ਵੜਿੰਗ ਨੇ ਦੋਸ਼ ਲਾਏ ਕਿ ਸਿੱਧੂ ਮੂਸੇ ਵਾਲਾ ਦੀ ਸੁਰੱਖਿਆ ਵਾਪਸ ਲੈਣ ਕਰਕੇ ਉਸ ਦਾ ਕਤਲ ਹੋਇਆ ਪਰ ਇਸ ਮਾਮਲੇ ਤੇ ਵੀ ਹਾਲੇ ਤੱਕ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਸਕੀ ਅਤੇ ਨਾ ਹੀ ਲਗਾਤਾਰ ਹੋ ਰਹੇ ਬੰਬ ਬਲਾਸਟਾਂ ਤੇ ਕੋਈ ਠੋਸ ਕਦਮ ਉਠਾ ਸਕੀ ਹੈ ।ਰਾਜਾ ਵੜਿੰਗ ਨੇ ਸੁਖਬੀਰ ਬਾਦਲ ਦੇ ਸਰਕਾਰ ਬਣਾਉਣ ਦੇ ਕੀਤੇ ਦਾਅਵੇ ਤੇ ਕਿਹਾ ਕਿ ਛੱਡੋ ਯਾਰ 25 ਸਾਲ ਰਾਜ ਕਰਨ ਦਾ ਵੀ ਸੁਖਬੀਰ ਬਾਦਲ ਨੇ ਸੁਪਨਾ ਦੇਖਿਆ ਸੀ ਹੁਣ ਇਹ ਬੀਤ ਚੁੱਕੇ ਹਨ ,ਇਹਨਾਂ ਦੇ ਕੋਲ ਕੁਝ ਵੀ ਨਹੀਂ। ਵਿਦੇਸ਼ੀ ਧਰਤੀ ਤੇ ਬੈਠੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਰਚਣ ਵਾਲੇ ਗੁਰਪਤਵੰਤ ਪੰਨੂ ਵੱਲੋਂ ਡਾ ਅੰਬੇਦਕਰ ਦੀ ਮੂਰਤੀ ਤੇ ਕਰਵਾਏ ਹਮਲੇ ਦੇ ਮਾਮਲੇ ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਸ ਗੁਰਪਤਵੰਤ ਪੰਨੂ ਖਿਲਾਫ ਕਾਰਵਾਈ ਕਰਨ । ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਡਾਰੈਕਟਰ ਮਾਰਕਫੈਡ ਟਹਿਲ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਅਰਨ ਵਧਾਵਣ, ਬਲਾਕ ਪ੍ਰਧਾਨ ਹਰਵਿੰਦਰ ਲੱਡੂ ਅਤੇ ਰੁਪਿੰਦਰ ਬਿੰਦਰਾ ਆਦਿ ਆਗੂ ਹਾਜ਼ਰ ਸਨ।