ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ 'ਪ੍ਰਾਈਡ ਆਫ਼ ਮਾਲਵਾ' ਸਨਮਾਨ ਨਾਲ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 7 ਫਰਵਰੀ 2025: ਮਾਲਵਾ ਖੇਤਰ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਹੁਨਰ ਵਿਕਾਸ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ)-2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਜਿਹੇ ਅਦਾਰਿਆਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਵਾਈਸ-ਚਾਂਸਲਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਸ਼ਿਮਲਾ ਦੇ ਡਾਇਰੈਕਟਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਪ੍ਰੋਗਰਾਮ 'ਪ੍ਰਾਈਡ ਆਫ਼ ਮਾਲਵਾ' ਵਿੱਚ ਸਨਮਾਨਿਤ ਕੀਤਾ ਗਿਆ।
ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਕੋਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਚਾਰ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ ਅਤੇ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਜ਼ੀ ਪੀਐਚਐਚ ਮੀਡਿਆ ਚੈਨਲ ਦੇ ਸੰਪਾਦਕ ਸ਼੍ਰੀ ਦੀਪਕ ਧਵਨ ਅਤੇ ਮਾਰਕੀਟਿੰਗ ਹੈਡ ਸ਼੍ਰੀ ਲਖਵਿੰਦਰ ਸਿੰਘ ਨੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਮਹਿਤਾ ਦੀ ਹਾਜ਼ਰੀ ਵਿੱਚ ਪ੍ਰੋ. ਤਿਵਾੜੀ ਨੂੰ ਇਹ ਵੱਕਾਰੀ ਸਨਮਾਨ ਪ੍ਰਦਾਨ ਕੀਤਾ।
ਪ੍ਰੋਗਰਾਮ ਦੌਰਾਨ ਕਰਵਾਈ ਇੱਕ ਪੈਨਲ ਚਰਚਾ ਵਿੱਚ ਪ੍ਰੋ. ਤਿਵਾੜੀ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਨੌਜਵਾਨਾਂ ਨੂੰ ਸੰਪੂਰਨ ਅਤੇ ਮੁੱਲ-ਅਧਾਰਤ ਸਿੱਖਿਆ, ਹੁਨਰ ਵਿਕਾਸ, ਅੰਤਰ-ਅਨੁਸ਼ਾਸਨੀ ਖੋਜ ਅਤੇ ਅਨੁਭਵ ਅਧਾਰਿਤ ਸਿਖਲਾਈ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਸੀਯੂ ਪੰਜਾਬ ਨੇ ਸੀਯੂਪੀਆਰਡੀਐਫ ਨਿਧਿ ਆਈ-ਟੀਬੀਆਈ ਇਨਕਿਊਬੇਟਰ, ਈ-ਯੁਵਾ ਕੇਂਦਰ ਅਤੇ ਆਈਡੀਆ ਲੈਬ ਵਰਗੇ ਪ੍ਰਮੁੱਖ ਨਵੀਨਤਾ ਕੇਂਦਰ ਸਥਾਪਤ ਕੀਤੇ ਹਨ, ਜੋ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਵਿਹਾਰਕ ਹੱਲਾਂ ਵਿੱਚ ਬਦਲਣ ਲਈ ਪਲੇਟਫਾਰਮ ਪ੍ਰਦਾਨ ਕਰ ਰਹੇ ਹਨ। ਇਹ ਯਤਨ ਨਾ ਸਿਰਫ਼ ਖੇਤਰੀ ਨਵੀਨਤਾ ਨੂੰ ਹੁਲਾਰਾ ਦੇ ਰਹੇ ਹਨ ਬਲਕਿ ਭਾਰਤ ਦੇ ਉੱਭਰ ਰਹੇ ਸਟਾਰਟਅੱਪ ਈਕੋਸਿਸਟਮ ਨੂੰ ਵੀ ਸਸ਼ਕਤ ਬਣਾ ਰਹੇ ਹਨ।
ਪ੍ਰੋ. ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਵੋਕਲ ਫਾਰ ਲੋਕਲ' ਪਹਿਲਕਦਮੀ ਦੇ ਅਨੁਸਾਰ ਖੇਤਰੀ ਚੁਣੌਤੀਆਂ ਨੂੰ ਹੱਲ ਕਰਨ ਲਈ ਸੀਯੂ ਪੰਜਾਬ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੀਯੂ ਪੰਜਾਬ ਦੀਆਂ ਖੋਜ ਟੀਮਾਂ ਮਾਲਵਾ ਖੇਤਰ ਦੇ ਵਾਤਾਵਰਣ, ਖੇਤੀਬਾੜੀ ਅਤੇ ਸਿਹਤ ਸੰਭਾਲ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ 'ਤੇ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੀਯੂ ਪੰਜਾਬ ਨੇ ਉੱਤਰੀ ਭਾਰਤ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੇ ਕੰਸੋਰਟੀਅਮ ਅਤੇ ਬਠਿੰਡਾ ਖੇਤਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੇ ਕੰਸੋਰਟੀਅਮ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਵਿੱਚ ਚੋਟੀ ਦੀਆਂ ਅਕਾਦਮਿਕ ਅਤੇ ਖੋਜ ਸੰਸਥਾਵਾਂ ਨਾਲ ਭਾਈਵਾਲੀ ਕੀਤੀ ਗਈ ਹੈ। ਇਨ੍ਹਾਂ ਕੰਸੋਰਟੀਅਮਾਂ ਦਾ ਉਦੇਸ਼ ਸਾਂਝੇ ਖੋਜ ਪ੍ਰੋਜੈਕਟਾਂ, ਫੈਕਲਟੀ ਅਤੇ ਵਿਦਿਆਰਥੀ ਆਦਾਨ-ਪ੍ਰਦਾਨ, ਸਰੋਤਾਂ ਦੀ ਸਾਂਝੀ ਵਰਤੋਂ ਅਤੇ ਇੰਡਸਟ੍ਰੀ-ਲਿੰਕੜ ਡੁਅਲ/ਜੋਇੰਟ ਡਿਗਰੀ ਪ੍ਰੋਗਰਾਮਾਂ ਰਾਹੀਂ ਅਕਾਦਮਿਕ ਅਤੇ ਖੋਜ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਹੈ।