ਪੀ.ਸੀ. ਏ. ਫਰਿਜ਼ਨੋ ਵੱਲੋ ਲ਼ਾਸ ਏਂਜਲਸ ਫਾਇਰ ਲਈ ਖਾਲਸਾ ਏਡ ਨੂੰ 11,000 ਡਾਲਰ ਦੀ ਰਾਸ਼ੀ ਭੇਂਟ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ) , 20 ਜਨਵਰੀ 2025 :
ਲੰਘੇ ਐਤਵਾਰ ਪੀ.ਸੀ. ਏ. (ਪੰਜਾਬੀ ਕਲਚਰਲ ਐਸੋਸੀਏਸ਼ਨ) ਫਰਿਜ਼ਨੋ ਦੇ ਮੈਂਬਰਾਂ ਦੀ ਇਕੱਤਰਤਾ ਇੰਡੀਅਨ ਕਬਾਬ ਪੈਲੇਸ ਰੈਸਟੋਰੈਂਟ ਵਿਖੇ ਹੋਈ। ਜਿੱਥੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਲਾਸ ਏਂਜਲਸ ਫਾਇਰ ਦੇ ਪੀੜਤਾਂ ਦੀ ਮਦਦ ਲਈ 11,000 ਹਜ਼ਾਰ ਡਾਲਰ ਦਾ ਚੈੱਕ ਖਾਲਸਾ ਏਡ ਨੂੰ ਭੇਂਟ ਕੀਤਾ। ਇਸ ਮੌਕੇ ਖਾਲਸਾ ਏਡ ਦੇ ਬਾਨੀ ਰਵੀ ਸਿੰਘ ਖਾਲਸਾ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਪੀ. ਸੀ. ਏ. ਮੈਂਬਰ ਸ. ਸੁਖਬੀਰ ਸਿੰਘ ਭੰਡਾਲ ਨੇ ਉਹਨਾਂ ਨੂੰ ਜੀ ਆਇਆ ਕਿਹਾ ਤੇ ਸੰਸਥਾ ਦੇ ਮੈਂਬਰਾਂ ਨਾਲ ਜਾਣ ਪਹਿਚਾਣ ਕਰਵਾਈ।
ਪੀ. ਸੀ. ਏ. ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਐਸੋਸੀਏਸ਼ਨ ਦੇ ਕੰਮਾਂ ਕਾਰਾਂ ਤੋ ਰਵੀ ਸਿੰਘ ਖ਼ਾਲਸਾ ਨੂੰ ਜਾਣੂ ਕਰਵਾਇਆ। ਇਸ ਮੌਕੇ ਰਵੀ ਸਿੰਘ ਖ਼ਾਲਸਾ ਨੇ ਪੀ. ਸੀ.ਏ. ਦਾ ਮਦਦ ਲਈ ਧੰਨਵਾਦ ਕੀਤਾ, ਅਤੇ ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਸੱਜਣਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇ ਉਪਦੇਸ਼ ਤੇ ਚੱਲਦੇ ਮਨੁੱਖਤਾ ਦੀ ਸੇਵਾ ਕਰਦੇ ਆ ਰਹੇ ਹਾਂ। ਉਹਨਾਂ ਕਿਹਾ ਕਿ ਦੁਨੀਆਂ ਵਿੱਚ ਕਿੱਧਰੇ ਵੀ ਕੋਈ ਮੁਸੀਬਤ ਬਣੇ, ਖਾਲਸਾ ਏਡ ਬਿਨਾਂ ਕਿਸੇ ਧਰਮ, ਜਾਤ, ਰੰਗ ਨਸਲ ਦੇ ਭੇਦਭਾਵ ਤੋ ਬਿਨਾਂ, ਮੋਢਾ ਡਾਹਕੇ ਖੜ੍ਹਦੀ ਆ ਰਹੀ ਹੈ, ਇਹ ਸਭ ਤੁਹਾਡੇ ਵਰਗੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਪਹਿਲ ਪੰਜਾਬ ਹੁੰਦੀ ਹੈ, ਪਰ ਮਨੁੱਖਤਾ ਦੀ ਸੇਵਾ, ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਤੇ ਮਨੁੱਖਤਾ ਦੀ ਸੇਵਾ ਲਈ ਅਸੀਂ ਦੁਨੀਆਂ ਦੇ ਹਰ ਹਿੱਸੇ ਵਿੱਚ ਪਹੁੰਚਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਾਰਦਰਸ਼ਤਾ ਨਾਲ ਕੰਮ ਕਰ ਰਹੇ ਹਾਂ, ਅਗਰ ਕਿਸੇ ਨੂੰ ਕੋਈ ਵੀ ਸਵਾਲ ਹੋਵੇ, ਅਸੀਂ ਲੋਕਾਂ ਨੂੰ ਜਵਾਬਦੇਹ ਹਾਂ। ਇਸ ਮੌਕੇ ਪੀ. ਸੀ. ਏ. ਨੇ ਮੀਡੀਏ ਦਾ ਧੰਨਵਾਦ ਕੀਤਾ ਅਤੇ ਰਵੀ ਸਿੰਘ ਖ਼ਾਲਸਾ ਅਤੇ ਖਾਲਸਾ ਏਡ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ।