ਪਾਣੀ ਦੀ ਬਚਤ ਲਈ 16 ਕਰੋੜ ਰੁਪਏ ਦੀ ਲਾਗਤ ਨਾਲ ਪਾਈਆਂ ਜਾਣਗੀਆਂ ਜਮੀਨਦੋਜ਼ ਪਾਈਪਾਂ – ਡਿਪਟੀ ਕਮਿਸ਼ਨਰ
-ਖੇਤਾਂ ਤੱਕ ਪਹੁੰਚੇਗਾ ਪੂਰਾ ਪਾਣੀ
ਫਾਜ਼ਿਲਕਾ 21 ਫਰਵਰੀ
ਫਾਜ਼ਿਲਕਾ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬਚਤ ਲਈ ਜਮੀਨਦੋਜ ਪਾਈਪਾਂ ਪਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਪ੍ਰਾਪਤ ਅਰਜੀਆਂ ਦੀ ਸਮੀਖਿਆ ਲਈ ਇੱਕ ਬੈਠਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨਾਂ ਨੇ ਦੱਸਿਆ ਕਿ ਇਸ ਕਮਿਊਨਿਟੀ ਪਾਈਪ ਲਾਈਨ ਪਾਉਣ ਲਈ ਸਰਕਾਰ ਵੱਲੋਂ 90 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਪਾਈਪਲਾਈਨ ਰਾਹੀਂ ਪਾਣੀ ਤੇਜੀ ਨਾਲ ਪਹੁੰਚਦਾ ਹੈ ਅਤੇ ਖਾਲਿਆਂ ਵਿੱਚ ਪਾਣੀ ਦਾ ਜੋ ਨੁਕਸਾਨ ਹੁੰਦਾ ਸੀ ਉਹ ਇਸ ਤਰੀਕੇ ਨਾਲ ਨਹੀਂ ਹੁੰਦਾ ਅਤੇ ਪਾਣੀ ਦੀ ਸੁਯੋਗ ਵਰਤੋ ਹੁੰਦੀ ਹੈ। ਇਸ ਨਾਲ ਖੇਤੀ ਲਈ ਭਰਪੂਰ ਪਾਣੀ ਮਿਲਦਾ ਹੈ।
ਇਸ ਮੌਕੇ ਮੰਡਲ ਭੂਮੀ ਰੱਖਿਆ ਅਫਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਮਿਊਨਿਟੀ ਪਾਈਪਲਾਈਨ ਪਾਉਣ ਸਬੰਧੀ ਜ਼ਿਲ੍ਹੇ ਵਿੱਚ 85 ਅਰਜੀਆਂ ਪ੍ਰਾਪਤ ਹੋਈਆਂ ਸਨ ਜਿਨਾਂ ਵਿੱਚੋਂ 62 ਅਰਜੀਆਂ ਯੋਗ ਪਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਲਈ ਜਮੀਦੋਜ ਪਾਈਪਾਂ ਪਾਉਣ ਤੇ 16 ਕਰੋੜ 27 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਨਾਲ 3413 ਹੈਕਟੇਅਰ ਰਕਬੇ ਨੂੰ ਸਿੰਚਾਈ ਲਈ ਭਰਪੂਰ ਪਾਣੀ ਮਿਲ ਸਕੇਗਾ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਸ੍ਰੀ ਸਾਹਿਲ ਗਗਨੇਜਾ, ਖੇਤੀਬਾੜੀ ਵਿਭਾਗ ਤੋਂ ਡਾ ਮਮਤਾ, ਭੂਮੀ ਰੱਖਿਆ ਵਿਭਾਗ ਤੋਂ ਐਸਡੀਓ ਵਿਕਾਸ ਪੂਣੀਆਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।