ਨਸ਼ੇ ਮਨੁੱਖੀ ਜੀਵਨ ਲਈ ਖਤਰਨਾਕ ,ਜਿਨ੍ਹਾਂ ਤੋਂ ਬਚਣ ਦੀ ਜ਼ਰੂਰਤ: ਮੁੱਖ ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਨੁੱਕੜ ਮੀਟਿੰਗਾਂ ਦਾ ਆਯੋਜਨ
ਰੋਹਿਤ ਗੁਪਤਾ
ਗੁਰਦਾਸਪੁਰ: 26 ਮਾਰਚ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਦੀਆਂ ਖੇਤੀ ਅਤੇ ਫ਼ਸਲਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ 10 ਬਲਾਕਾਂ ਦੇ ਸਮੂਹ ਸਰਕਲਾਂ ਵਿਚ ਪ੍ਰਤੀ ਸਰਕਲ ਇਕ ਪਿੰਡ ਵਿੱਚ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਿਫਾਰਸ਼ ਕੀਤੀਆਂ ਨਵੀਨਤਮ ਖੇਤੀ ਤਕਨੀਕਾਂ ਨੂੰ ਕਿਸਾਨਾਂ ਤਕ ਪਹੁੰਚਾਇਆ ਜਾ ਸਕੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਨੁੱਕੜ ਮੀਟਿੰਗਾਂ ਵਿੱਚ ਕਿਸਾਨਾਂ ਨੂੰ ਝੋਨੇ ਦੀਆਂ ਪ੍ਰਮਾਣਤ ਕਿਸਮਾਂ ਦੀ ਹੀ ਬਿਜਾਈ ਕਰਨ , ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਿਸਾਨਾਂ ਨੂੰ ਨਸ਼ਿਆਂ ਦੇ ਮਨੁੱਖੀ ਜੀਵਨ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ, ਕਣਕ ਦਾ ਬੀਜ ਖੁਦ ਤਿਆਰ ਕਰਨ,ਕਣਕ ਅਤੇ ਹੋਰਨਾਂ ਫਸਲਾਂ ਵਿਚ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ, ਜੈਵਿਕ ਖੇਤੀ,ਸਵੈ ਮੰਡੀਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਕਿਸਾਨ ਆਪਣੀਆਂ ਫ਼ਸਲਾਂ ਨਾਲ ਸਬੰਧਤ ਸਮੱਸਿਆਵਾਂ ਲੈ ਕੇ ਆਉਂਦੇ ਹਨ ਜਿੰਨਾ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਂਦਾ ਹੈ ,ਇਸ ਦੇ ਨਾਲ ਹੀ ਖੇਤੀ ਮਾਹਿਰ ਖੇਤਾਂ ਵਿਚ ਪਹੁੰਚ ਕੇ ਫ਼ਸਲਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕਰਦੇ ਹਨ ਤਾਂ ਜੋਂ ਕਿਸਾਨਾਂ ਦੀ ਖੇਤੀ ਸਮਗਰੀ ਵਿਕਰੇਤਾਵਾਂ ਤੇ ਨਿਰਭਰਤਾ ਘਟਾਈ ਜਾ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪੀ ਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲੈਂਡ ਸੀਡਿੰਗ ਅਤੇ ਈ ਕੇ ਵਾਈ ਸੀ ਬਾਰੇ ਆ ਰਹੀਆਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਜਾਂਦਾ ਹੈ ।
ਉਨਾਂ ਨੇ ਦੱਸਿਆ ਕਿ ਪੂਰੇ ਜਿਲ੍ਹੇ ਅੰਦਰ 33 ਪਿੰਡਾਂ ਵਿਚ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿਚ ਸਮੂਹ ਖੇਤੀਬਾੜੀ ਅਧਿਕਾਰੀ/ਕਰਮਚਾਰੀਆਂ ਬਹੁਤ ਹੀ ਉਤਸ਼ਾਹ ਨਾਲ ਸ਼ਾਮਿਲ ਹੋ ਕੇ ਕਿਸਾਨਾਂ ਨੁੰ ਮੌਸਮ ਦੇ ਬਦਲ ਰਹੇ ਮਜਾਜ ਨੂੰ ਮੁੱਖ ਰੱਖਦਿਆਂ ਫ਼ਸਲਾਂ ਦੀ ਦੇਖ ਰੇਖ ਕਰਨ ਲਈ ਪ੍ਰੇਰਿਤ ਕੀਤਾ ਗਿਆ।ਉਨਾਂ ਕਿਹਾ ਕਿ ਆਉਂਦੇ ਸਾਉਣੀ ਸੀਜ਼ਨ ਦੌਰਾਨ ਝੋਨੇ ਦੀਆਂ ਸਿਰਫ ਪ੍ਰਮਾਣਿਤ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਅਤੇ ਪੀ ਆਰ 126 ਕਿਸਮ ਦੀ ਲਵਾਈ ਕਿਸੇ ਵੀ ਹਾਲਤ ਵਿੱਚ15 ਜੁਲਾਈ ਤੋਂ ਬਾਅਦ ਲਵਾਈ ਨਹੀਂ ਕਰਨੀ ਚਾਹੀਦੀ। ਉਨਾਂ ਕਿਹਾ ਕਿ 15 ਜੁਲਾਈ ਤੋਂ ਬਾਅਦ ਪੀ ਆਰ 126 ਕਿਸਮ ਲਵਾਈ ਕਰਨ ਨਾਲ ਦਾਣਿਆਂ ਵਿਚ ਨਮੀਂ ਅਤੇ ਟੋਟਾ ਵਧਦਾ ਹੈ।ਕਣਕ ਜਾਂ ਸਰੋਂ ਦੀ ਫ਼ਸਲ ਉੱਪਰ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਜਰੂਰਤ ਨਹੀਂ ਹੈ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਹੀ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇਹ ਵਿਸ਼ੇਸ਼ ਯੋਜਨਾਬੰਧੀ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਹਟਾ ਕੇ ਤਕਨੀਕੀ ਖੇਤੀ ਨਾਲ ਜੋੜਿਆ ਜਾ ਸਕੇ। ਉਨਾਂ ਕਿਹਾ ਕਿ ਫਸਲੀ ਵਿਭਿੰਨਤਾ ਤਹਿਤ ਮੱਕੀ ਹੇਠ ਰਕਬਾ ਵਧਾਉਣ , ਮਿੱਟੀ ਪਰਖ ਰੀਪਰਤ ਅਧਾਰਤ ਖਾਦਾਂ ਦੀ ਵਰਤੋਂ,ਜ਼ਮੀਨ ਹੇਠਲਾ ਪਾਣੀ ਬਚਾਉਣ, ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਨ, ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ, ਫਸਲਾਂ ਦੀ ਰਹਿੰਦ ਖੂੰਦ ਦਾ ਅੱਗ ਲਗਾਏ ਬਗੈਰ ਨਿਪਟਾਰਾ ਕਰਨ ਅਤੇ ਚੰਗੇ ਲਾਭ ਵਾਲੀਆਂ ਫਸਲਾਂ ਦੀ ਕਾਸ਼ਤ ਕਰਵਾਉਣ ਲਈ ਖੇਤੀਬਾੜੀ ਵਿਭਾਗ ਕਿਸਾਨਾਂ ਨੁੰ ਪ੍ਰੇਰਿਤ ਕਰਨ ਲਈ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਪੂਰਨ ਆਸ ਹੈ ਕਿ ਵਿਭਾਗ ਦੇ ਇਹਨਾਂ ਸਾਰਥਿਕ ਯਤਨਾਂ ਦਾ ਕਿਸਾਨਾਂ ਨੂੰ ਭਰਪੂਰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਦ ਵੀ ਆਪਣੀ ਫਸਲ ਦਾ ਨਿਰੰਤਰ ਨਰੀਖਣ ਕਰਦੇ ਰਹਿਣ ਅਤੇ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਤੁਰੰਤ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ।