ਦਰੱਖਤਾਂ ਦੀ ਮਹੱਤਤਾ ਅਤੇ ਲਾਭਾਂ ਸਬੰਧੀ ਸੈਮੀਨਾਰ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ , 20 ਫਰਵਰੀ,2025
ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਨੀਤਾ ਅਨੰਦ ਦੀ ਅਗਵਾਈ ਵਿਚ ਦਰੱਖਤਾਂ ਦੀ ਮਹੱਤਤਾ ਅਤੇ ਲਾਭਾਂ ਸਬੰਧੀ ਇਕ ਜਾਗਰੂਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਬੀ.ਕਾਮ ਭਾਗ ਦੂਜਾ ਦੇ ਅਮਨਦੀਪ ਸਿੰਘ ਅਤੇ ਬੀ.ਏ ਭਾਗ ਪਹਿਲਾ ਦੇ ਜਸਕਰਨ ਸਿੰਘ ਨੇ ਕਿਹਾ ਕਿ ਦਰੱਖਤ ਜੀਵਨ ਵਿਚ ਭੋਜਨ ਅਤੇ ਪਾਣੀ ਵਾਂਗ ਲਾਜ਼ਮੀ ਹਨ। ਇੱਕ ਦਰੱਖਤ ਸਾਲ ਭਰ ਵਿਚ 30 ਲੱਖ ਰੁਪਏ ਦੀ ਆਕਸੀਜਨ ਦਿੰਦਾ ਹੈ ਅਤੇ 22 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਸੋਖਦਾ ਹੈ ਅਤੇ ਇਸ ਨੂੰ ਆਕਸੀਜਨ ਵਿੱਚ ਬਦਲ ਦਿੰਦਾ ਹੈ। ਇੱਕ ਦਰੱਖਤ 3700 ਲੀਟਰ ਪਾਣੀ ਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ ਅਤੇ ਉਸ ਨੂੰ ਭੂਮੀ ਅੰਦਰ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ।
ਦੂਜੇ ਨੰਬਰ ਤੇ ਆਉਣ ਵਾਲੇ ਬੀ.ਏ ਭਾਗ ਦੂਜਾ ਦੀ ਜਯੋਤੀ ਅਤੇ ਨਾਜੀਆ ਨੇ ਕਿਹਾ ਕਿ ਦਰੱਖਤ ਹੜ ਦੇ ਖ਼ਤਰੇ ਨੂੰ 28 ਫੀਸਦੀ ਘੱਟ ਕਰ ਦਿੰਦੇ ਹਨ , ਓਥੇ ਹੀ ਇੱਕ ਦਰੱਖਤ ਸਾਲ ਭਰ ਵਿੱਚ 20 ਕਿਲੋ ਧੂੜ ਸੋਖਦਾ ਹੈ ਅਤੇ 108 ਕਿਲੋਗਰਾਮ ਛੋਟੇ ਕਣ ਅਤੇ ਗੈਸ ਸੋਖਦਾ ਹੈ। ਦਰੱਖਤ ਮਿੱਟੀ ਵਿੱਚੋਂ ਜਹਿਰੀਲੇ ਪਦਾਰਥ ਸੋਖਦੇ ਹਨ , ਸਿਰਫ 343 ਦਰੱਖਤ ਸਾਹ ਦੇ ਰੋਗਾਂ ਨੂੰ 33 ਫੀਸਦੀ ਘੱਟ ਕਰ ਦਿੰਦੇ ਹਨ ਅਤੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ 9 ਫੀਸਦੀ ਮੌਤਾਂ ਨੂੰ ਘੱਟ ਕਰ ਦਿੰਦੇ ਹਨ। ਤੀਜੇ ਨੰਬਰ ਤੇ ਆਉਣ ਵਾਲੀ ਬੀ. ਕਾਮ ਭਾਗ ਤੀਜਾ ਦੇ ਸਰਬਜੀਤ ਸੇਨ ਗੁਪਤਾ ਅਤੇ ਰਮਨਦੀਪ ਕੌਰ ਨੇ ਕਿਹਾ ਕਿ ਦਰੱਖਤ ਸ਼ੋਰ ਪ੍ਰਦੂਸਣ ਨੂੰ 50 ਫੀਸਦੀ ਘੱਟ ਕਰਦੇ ਹਨ। ਇਕ ਵੱਡਾ ਦਰੱਖਤ ਪੰਛੀਆਂ ਦੀਆਂ 80 ਪ੍ਰਜਾਤੀਆਂ ਬਚਾਉਣ ਲਈ ਸਹਾਇਕ ਹੈ। ਦਰੱਖਤ ਇਲਾਕੇ ਦਾ ਤਾਪਮਾਨ 1 ਤੋਂ 5 ਡਿਗਰੀ ਤੱਕ ਘੱਟ ਕਰ ਦਿੰਦੇ ਹਨ। ਘਰਾਂ ਦੇ ਨੇੜੇ ਲੱਗੇ ਦਰੱਖਤ ਏਸੀ ਦੀ ਲੋੜ 30 ਫੀਸਦੀ ਘੱਟ ਕਰ ਦਿੰਦੇ ਹਨ। ਇਸ ਨਾਲ ਬਿਜਲੀ ਦੀ 20 ਫੀਸਦੀ ਤੋਂ ਲੈ ਕੇ 50 ਫੀਸਦੀ ਤੱਕ ਬੱਚਤ ਹੁੰਦੀ ਹੈ। ਇਸ ਮੌਕੇ ਡਾ: ਦਿਲਰਾਜ ਕੌਰ , ਪ੍ਰੋ: ਬੋਬੀ , ਪ੍ਰੋ: ਅਮਿਤ ਕੁਮਾਰ ਯਾਦਵ , ਪ੍ਰੋ : ਬਲਜਿੰਦਰ ਸਿੰਘ ਅਤੇ ਸ੍ਰੀ ਬਲਜੀਤ ਸਿੰਘ (ਜੂਨੀਅਰ ਸਹਾਇਕ ) ਨੇ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਅਤੇ ਉਹਨਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ।