ਜ਼ਿਲ੍ਹਾ ਕਮੇਟੀ ਨੇ ਮੁਆਵਜ਼ੇ ਲਈ ਆਏ ਕੇਸਾਂ ਬਾਰੇ ਚਰਚਾ ਕੀਤੀ
ਐਸ.ਡੀ.ਐਮਜ਼ ਨੂੰ ਸਾਰੇ ਕੇਸ ਮੁਕੰਮਲ ਕਰਕੇ ਕਮੇਟੀ ਅੱਗੇ ਕੇਸ ਰੱਖਣ ਲਈ ਕਿਹਾ
ਸੜਕ ਹਾਦਸੇ 'ਚ ਮੌਤ ਹੋਣ 'ਤੇ ਦੋ ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50,000 ਰੁਪਏ ਦਾ ਮੁਆਵਜ਼ਾ ਮਿਲਦਾ ਹੈ
ਪੀੜਤ ਪਰਿਵਾਰ ਹਾਦਸੇ ਨਾਲ ਸਬੰਧਤ ਖੇਤਰ ਦੇ ਐਸ ਡੀ ਐਮ ਦਫ਼ਤਰ ਵਿੱਚ ਅਰਜ਼ੀ ਦੇ ਸਕਦਾ ਹੈ
ਐਸ.ਏ.ਐਸ.ਨਗਰ, 21 ਫਰਵਰੀ, 2025:
ਹਿੱਟ ਐਂਡ ਰਨ ਮਾਮਲਿਆਂ ਦੇ ਮੁਆਵਜ਼ੇ ਬਾਰੇ ਜ਼ਿਲ੍ਹਾ ਕਮੇਟੀ ਨੇ ਅੱਜ ਉਪ ਮੰਡਲ ਮੈਜਿਸਟਰੇਟਾਂ ਵੱਲੋਂ ਕਮੇਟੀ ਅੱਗੇ ਰੱਖੇ ਕੇਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਕਮੇਟੀ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਕੇਸਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਅਗਲੀ ਮੀਟਿੰਗ ਵਿੱਚ ਪੇਸ਼ ਕਰਨ ਤਾਂ ਜੋ ਇਨ੍ਹਾਂ ਬਾਰੇ ਠੋਸ ਫੈਸਲਾ ਲਿਆ ਜਾ ਸਕੇ।
ਏ.ਡੀ.ਸੀ. ਤਿੜਕੇ ਨੇ ਦੱਸਿਆ ਕਿ ਹਿੱਟ ਐਂਡ ਰਨ ਕੇਸਾਂ ਵਿੱਚ ਮੁਆਵਜ਼ਾ ਲੈਣ ਲਈ ਸਭ ਤੋਂ ਪਹਿਲਾਂ ਪੀੜਤ ਪਰਿਵਾਰ ਨੂੰ ਲੋੜੀਂਦੇ ਦਸਤਾਵੇਜ਼ਾਂ ਸਮੇਤ ਜਿਸ ਖੇਤਰ ਵਿੱਚ ਹਾਦਸਾ ਹੋਇਆ ਹੈ, ਉਸ ਖੇਤਰ ਦੇ ਉਪ ਮੰਡਲ ਮੈਜਿਸਟਰੇਟ-ਕਮ-ਕਲੇਮ ਜਾਂਚ ਅਧਿਕਾਰੀ ਕੋਲ ਅਰਜ਼ੀ ਦੇਣੀ ਹੋਵੇਗੀ। ਸਬੰਧਤ ਐਸਡੀਐਮ ਇਸ ਕੇਸ ਦੀ ਜਾਂਚ ਕਰੇਗਾ ਅਤੇ ਡਿਪਟੀ ਕਮਿਸ਼ਨਰ-ਕਮ-ਕਲੇਮ ਸੈਟਲਮੈਂਟ ਨਿਪਟਾਰਾ ਕਮਿਸ਼ਨਰ ਦੀ ਅਗਵਾਈ ਵਾਲੀ ਜ਼ਿਲ੍ਹਾ ਕਮੇਟੀ ਨੂੰ ਕੇਸ ਦੀ ਸਿਫਾਰਸ਼ ਕਰੇਗਾ। ਕਮੇਟੀ ਅੱਗੇ ਇਸ ਕੇਸ ਨੂੰ ਜ਼ਿਲ੍ਹੇ ਲਈ ਨਿਰਧਾਰਤ ਬੀਮਾ ਕੰਪਨੀ ਦੇ ਨੋਡਲ ਅਫ਼ਸਰ ਕੋਲ ਭੇਜੇਗੀ।
ਉਨ੍ਹਾਂ ਕਿਹਾ ਕਿ ਲੋੜੀਂਦੇ ਦਸਤਾਵੇਜ਼ ਜੋ ਫਾਰਮ 1 ਦੇ ਨਾਲ ਨੱਥੀ ਕਰਨੇ ਲਾਜ਼ਮੀ ਹਨ, ਵਿੱਚ ਪੂਰੇ ਬੈਂਕ ਵੇਰਵਿਆਂ ਦੇ ਨਾਲ ਦਾਅਵੇਦਾਰ ਦੀ ਪਾਸ ਬੁੱਕ ਦੀ ਕਾਪੀ, ਪੀੜਤ ਦਾ ਇਲਾਜ ਕੀਤੇ ਗਏ ਹਸਪਤਾਲ ਦੇ ਨਕਦ ਰਹਿਤ ਇਲਾਜ ਦੇ ਬਿੱਲ ਦੀ ਕਾਪੀ, ਪੀੜਤ ਦਾ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਲਈ ਦਸਤਾਵੇਜ਼ ਦੀ ਕਾਪੀ, ਦਾਅਵੇਦਾਰ ਦੇ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਲਈ ਦਸਤਾਵੇਜ਼ ਦੀ ਕਾਪੀ, ਪੁਲਿਸ ਵੱਲੋਂ ਕੀਤੀ ਐੱਫ ਆਈ ਆਰ ਦੀ ਕਾਪੀ, ਪੋਸਟ ਮਾਰਟਮ ਰਿਪੋਰਟ (ਮੌਤ ਦੀ ਸੂਰਤ ਵਿੱਚ) ਜਾਂ ਗੰਭੀਰ ਸੱਟ ਦੀ ਰਿਪੋਰਟ (ਜਿਵੇਂ ਵੀ ਕੇਸ ਹੋਵੇ)।
ਏਡੀਸੀ ਨੇ ਅੱਗੇ ਕਿਹਾ ਕਿ ਹਿੱਟ ਐਂਡ ਰਨ ਕੇਸਾਂ ਵਿੱਚ 1 ਅਪ੍ਰੈਲ, 2022 ਨੂੰ ਜਾਂ ਇਸ ਤੋਂ ਬਾਅਦ ਵਾਪਰਨ ਵਾਲੇ ਹਾਦਸਿਆਂ ਲਈ ਮੁਆਵਜ਼ੇ ਦੀ ਦਰ, ਮੌਤ ਦੇ ਮਾਮਲੇ ਵਿੱਚ 2 ਲੱਖ ਰੁਪਏ ਅਤੇ ਗੰਭੀਰ ਸੱਟ ਲੱਗਣ ਦੀ ਸਥਿਤੀ ਵਿੱਚ 50,000 ਰੁਪਏ ਹੈ। 31 ਮਾਰਚ, 2022 ਨੂੰ ਜਾਂ ਇਸ ਤੋਂ ਪਹਿਲਾਂ ਹਿੱਟ ਐਂਡ ਰਨ ਦੁਰਘਟਨਾ ਦੇ ਪੀੜਤਾਂ ਨੂੰ ਭੁਗਤਾਨ ਯੋਗ ਮੁਆਵਜ਼ਾ ਪੁਰਾਣੀ ਸਲੇਸ਼ੀਆਮ ਫੰਡ ਸਕੀਮ, 1989 ਦੇ ਅਨੁਸਾਰ ਹੋਵੇਗਾ ਜੋ ਮੌਤ ਦੀ ਸਥਿਤੀ ਵਿੱਚ 25,000 ਅਤੇ ਗੰਭੀਰ ਸੱਟ ਲੱਗਣ ਦੀ ਸਥਿਤੀ ਵਿੱਚ 12,500 ਰੁਪਏ ਹੈ।
ਮੀਟਿੰਗ ਵਿੱਚ ਐਸ ਡੀ ਐਮ ਦਮਨਦੀਪ ਕੌਰ, ਐਸ ਡੀ ਐਮ ਗੁਰਮੰਦਰ ਸਿੰਘ ਅਤੇ ਐਸ ਡੀ ਐਮ ਅਮਿਤ ਗੁਪਤਾ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਡੀ ਐਸ ਪੀ (ਟਰੈਫਿਕ) ਕਰਨੈਲ ਸਿੰਘ, ਟਰਾਂਸਪੋਰਟ ਵਿਭਾਗ ਦੇ ਨੁਮਾਇੰਦੇ ਅਤੇ ਕਮੇਟੀ ਦੇ ਗੈਰ-ਸਰਕਾਰੀ ਮੈਂਬਰ ਹਰਪ੍ਰੀਤ ਸਿੰਘ ਹਾਜ਼ਰ ਸਨ।