ਘਰਵਾਲਾ ਦੋ ਸਾਲ ਤੋਂ ਮੰਜੇ ਤੇ ਪਿਆ, ਘਰ ਦੀ ਡਿੱਗੀ ਛੱਤ
ਡੰਗਰਾਂ ਲਈ ਬਣਾਏ ਕਮਰੇ ਵਿੱਚ ਰਹਿਣ ਲਈ ਮਜਬੂਰ ਪੰਜ ਜੀਆਂ ਦਾ ਪਰਿਵਾਰ
ਕਿਰਪਾ ਕਰਕੇ ਪਰਿਵਾਰ ਦਾ ਨੰਬਰ ਫਲੈਸ਼ ਕੀਤਾ ਜਾਵੇ 8725049853
ਰੋਹਿਤ ਗੁਪਤਾ
ਗੁਰਦਾਸਪੁਰ , 21ਫਰਵਰੀ 2025 :
ਘਰ ਵਾਲਾ ਜਦੋਂ ਕੰਮ ਕਰਦਾ ਸੀ ਤਾਂ ਚੰਗਾ ਕਮਾ ਲੈਂਦਾ ਸੀ ਪਰ ਦੋ ਸਾਲ ਤੋਂ ਮੰਜੇ ਤੇ ਪਿਆ ਹੈ ਅਤੇ ਘਰਵਾਲੀ ਨੂੰ ਮਜਬੂਰ ਹੋ ਕੇ ਪਰਿਵਾਰ ਨੂੰ ਪਾਲਣ ਲਈ ਚਪੜਾਸੀ ਦੀ ਨੌਕਰੀ 2500 ਰੁਪਏ ਮਹੀਨੇ ਤੇ ਕਰਨੀ ਪੈ ਰਹੀ ਹੈ। ਕਹਾਣੀ ਹੈ ਪਿੰਡ ਗਾਹਲੜੀ ਦੇ ਰਹਿਣ ਵਾਲੇ ਪਰਿਵਾਰ ਦੀ । ਸ਼ਿਵਾਨੀ ਅਤੇ ਰਮੇਸ਼ ਲਾਲ ਦੀਆਂ ਦੋ ਧੀਆਂ ਹਨ ਅਤੇ ਇੱਕ ਪੁੱਤਰ ਵੀ ਹੈ । ਵੱਡੀ ਧੀ ਪਲੱਸ ਟੂ ਕਰ ਗਈ ਹੈ ਪਰ ਅੱਗੋਂ ਪੜਾਉਣ ਲਾਇਕ ਹੈਸੀਅਤ ਨਹੀਂ ਹੈ ਇਸ ਲਈ ਘਰ ਬੈਠੀ ਹੈ। ਘਰ ਦੀ ਛੱਤ ਦੋ ਸਾਲ ਪਹਿਲਾਂ ਡਿੱਗ ਪਈ ਸੀ ਇਸ ਲਈ ਪਰਿਵਾਰ ਡੰਗਰਾਂ ਲਈ ਬਣਾਏ ਹੋਏ ਵਾੜੇ ਵਿੱਚ ਰਹਿਣ ਲਈ ਮਜਬੂਰ ਹੋ ਗਿਆ ਹੈ। ਪਰਿਵਾਰ ਦੀ ਹਾਲਤ ਦੇ ਚਲਦੇ ਡੰਗਰ ਤਾਂ ਵੇਚ ਦਿੱਤੇ ਪਰ ਉਹੀ ਕਮਰੇ ਵਿੱਚ ਪੰਜ ਜੀਆਂ ਦਾ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ। ਘਰ ਦਾ ਸਮਾਨ ਬੈਡ ਅਤੇ ਹੋਰ ਫਰਨੀਚਰ ਜੋ ਬਣਾਇਆ ਸੀ ਛੱਤ ਡਿੱਗਣ ਨਾਲ ਟੁੱਟ ਭੱਜ ਗਿਆ । ਪਰਿਵਾਰ ਦੇ ਮੁਖੀ ਨੂੰ ਦੋ ਸਾਲ ਪਹਿਲਾਂ ਪੈਰਾਲਾਈਜ਼ ਦਾ ਅਟੈਕ ਆਇਆ ਤੇ ਉਹ ਮੰਜੇ ਤੇ ਪਿਆ ਜਿਸ ਤੋਂ ਬਾਅਦ ਪਰਿਵਾਰ ਦੀ ਔਰਤ ਸ਼ਿਵਾਨੀ ਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਚਪੜਾਸੀ ਦੀ ਨੌਕਰੀ ਕਰਨੀ ਪਈ। 2500 ਰੁਪਏ ਤਨਖਾਹ ਨਾਲ ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਹੈ। ਘਰ ਵਾਲੇ ਦਾ ਇਲਾਜ ਵੀ ਰੁਕਿਆ ਪਿਆ ਹੈ। ਅਜਿਹੇ ਵਿੱਚ ਪਰਿਵਾਰ ਦੀ ਮੰਗ ਹੈ ਤਾਂ ਸਿਰਫ ਇਨੀ ਕਿ ਪਰਿਵਾਰ ਦੇ ਮੁਖੀ ਦਾ ਇਲਾਜ ਹੋ ਜਾਵੇ ਤਾਂ ਜੋ ਫਿਰ ਤੋਂ ਕੰਮ ਕਰਕੇ ਪਰਿਵਾਰ ਨੂੰ ਪਾਲਣ ਦੇ ਕਾਬਲ ਹੋ ਸਕੇ।