ਕਿਸ਼ਨਪੁਰਾ ਦੀ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ ਅਸੈਸਮੈਂਟ ਹੋਈ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 08 ਫਰਵਰੀ,2025
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਭਾਰਤ ਸਰਕਾਰ ਨੇ ਸਿਹਤ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਿਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ਆਯੂਸ਼ਮਾਨ ਆਰੋਗਿਆ ਕੇੰਦਰ, ਕਿਸ਼ਨਪੁਰਾ ਦੀ ਵਰਚੁਅਲ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ (ਐੱਨ.ਕਿਊ.ਏ.ਐੱਸ.) ਅਸੈਸਮੈਂਟ ਕੀਤੀ। ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ ਇੱਕ ਢਾਂਚਾ ਹੈ, ਜਿਸਦਾ ਉਦੇਸ਼ ਜਨਤਕ ਸਿਹਤ ਸੰਸਥਾਵਾਂ ਵਿੱਚ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਇਹ ਵਿਸ਼ਵਵਿਆਪੀ ਸਭ ਤੋਂ ਵਧੀਆ ਅਭਿਆਸਾਂ 'ਤੇ ਅਧਾਰਤ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਨੈਸ਼ਨਲ ਐਕਸਟਰਨਲ ਅਸੈਸਰ ਡਾ. ਜੈ ਸਿੰਘ ਤੇ ਡਾ ਅਨਾਮਿਕਾ ਨੇ ਆਯੂਸ਼ਮਾਨ ਆਰੋਗਿਆ ਕੇੰਦਰ, ਕਿਸ਼ਨਪੁਰਾ ਵਿੱਚ ਉਪਲੱਬਧ ਸਿਹਤ ਸਹੂਲਤਾਂ ਜਿਵੇਂ ਬੁਨਿਆਦੀ ਢਾਂਚਾ, ਟੀਕਾਕਰਨ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ, ਸੰਚਾਰੀ ਤੇ ਗੈਰ-ਸੰਚਾਰੀ ਬਿਮਾਰੀਆਂ, ਮਾਨਸਿਕ ਸਿਹਤ ਦੀ ਦੇਖਭਾਲ, ਮਰੀਜ਼ਾਂ ਦੇ ਬੈਠਣ ਦਾ ਪ੍ਰਬੰਧ, ਨਿਰਧਾਰਿਤ ਦਵਾਈਆਂ ਦੀ ਉਪਲੱਬਧਤਾ, ਮੈਡੀਕਲ ਉਪਕਰਨਾਂ ਦੀ ਦੇਖਭਾਲ, ਸਾਫ-ਸਫਾਈ ਦੇ ਪ੍ਰਬੰਧਾਂ, ਬਾਇਓ-ਮੈਡੀਕਲ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਇੰਫੈਕਸ਼ਨ ਕੰਟਰੋਲ ਲਈ ਕਾਰਜ ਪ੍ਰਣਾਲੀ, ਮੈਡੀਕਲ ਰਿਕਾਰਡ ਦੇ ਰੱਖ-ਰਖਾਅ ਦਾ ਵਰਚੁਅਲ ਨਿਰੀਖਣ ਕੀਤਾ।
ਇਸ ਸਬੰਧੀ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ ਦਾ ਮੁੱਖ ਉਦੇਸ਼ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਹਤਰ ਸਿਹਤ ਸਹੂਲਤਾਂ, ਸਵੱਛਤਾ ਅਤੇ ਹਾਈਜੀਨ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸੰਸਥਾ ਨੂੰ ਇੰਫੈਕਸ਼ਨ ਮੁਕਤ ਬਣਾਉਣਾ ਤੇ ਸਾਰੇ ਨਿਰਧਾਰਿਤ ਮਾਪਦੰਡਾਂ ਤੇ ਖਰ੍ਹਾ ਉਤਰਨ ਨੂੰ ਯਕੀਨੀ ਬਣਾਉਣਾ ਹੈ। ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ ਤਹਿਤ ਸਿਹਤ ਕੇਂਦਰਾਂ ਨੂੰ ਇੰਟਰਨਲ ਅਸੈਸਮੈਂਟ ਤੇ ਪੀਅਰ ਅਸੈਸਮੈਂਟ ਸਮੇਤ ਕਈ ਹੋਰ ਰੇਟਿੰਗ ਪ੍ਰਕਿਰਿਆਵਾਂ ਵਿਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ ਸਰਟੀਫਿਕੇਸ਼ਨ ਮਿਲਣ ਨਾਲ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਹੋਵੇਗਾ। ਇਸ ਤੋਂ ਇਲਾਵਾ, ਕੇਂਦਰ ਦੇ ਪ੍ਰਬੰਧ ਮਜ਼ਬੂਤ ਹੋਣਗੇ, ਜਿਸਦਾ ਸਿੱਧਾ ਅਸਰ ਸਿਹਤ ਸਹੂਲਤਾਂ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਇਸ ਮੌਕੇ ਏ ਐੱਚ ਏ ਸ੍ਰੀਮਤੀ ਪੂਜਾ, ਸੀ ਐੱਚ ਓ ਹਰਦੀਪ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।