ਬਜਟ ਆਮ ਲੋਕਾਈ ਦੀਆਂ ਲੋੜਾਂ ਤੋਂ ਕੋਹਾਂ ਦੂਰ: ਬੂਟਾ ਬੁਰਜਗਿੱਲ/ਜਗਮੋਹਨ ਸਿੰਘ/ਗੁਰਮੀਤ ਭੱਟੀਵਾਲ
ਦਲਜੀਤ ਕੌਰ
ਚੰਡੀਗੜ੍ਹ, 27 ਮਾਰਚ, 2025: ਬੀ.ਕੇ.ਯੂ. ਡਕੌਂਦਾ ਦੀ ਸੂਬਾਈ ਲੀਡਰਸ਼ਿਪ ਸਰਵਸ੍ਰੀ ਬੂਟਾ ਸਿੰਘ ਬੁਰਜਗਿੱਲ ਸੂਬਾਈ ਪ੍ਰਧਾਨ, ਜਗਮੋਹਨ ਸਿੰਘ ਸੂਬਾਈ ਜਨਰਲ ਸਕੱਤਰ ਅਤੇ ਗੁਰਮੀਤ ਸਿੰਘ ਭਟੀਵਾਲ ਸੂਬਾਈ ਸੀਨੀਅਰ ਮੀਤ ਪ੍ਰਧਾਨ ਨੇ ਪੰਜਾਬ ਸਰਕਾਰ ਦੇ ਬਜਟ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਬਜਟ ਵਿਚ ਆਮ ਲੋਕਾਈ ਨੂੰ ਹੀ ਪਰ ਖਾਸ ਤੌਰ ’ਤੇ ਖੇਤੀ ਖੇਤਰ ਦੇ ਲੋਕਾਂ ਨੂੰ ਅਣਗੌਲਿਆ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਅੱਧੀ ਅਬਾਦੀ ਹਿੱਸੇ ਵਜੋਂ ਔਰਤਾਂ ਦੀ ਹੈ, ਉਨ੍ਹਾਂ ਲਈ ਐਲਾਨੀ ਪੈਨਸ਼ਨ ਲਈ ਇਕ ਸ਼ਬਦ ਵੀ ਨਹੀਂ ਬੋਲਿਆ। ਫਿਰ ਕਰਜ਼ੇ ਦੀ ਪੰਡ ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਤੋਂ ਘੱਟ ਕਰਨ ਲਈ ਇਸ ਬਜਟ ਵਿਚ ਕੁਝ ਵੀ ਨਹੀਂ ਜੋ ਕਿ ਪਹਿਲਾ ਵਾਅਦਾ ਸੀ ਕਿ ਇਨ੍ਹਾਂ ਦਾ ਕਰਜ਼ਾ ਖਤਮ ਕੀਤਾ ਜਾਵੇਗਾ। ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਉਨ੍ਹਾਂ ਦੀਆਂ ਖੁਦਕਸ਼ੀਆਂ ਦਾ ਸਿਲਸਿਲਾ ਬਰਕਰਾਰ ਹੀ ਨਹੀਂ ਸਗੋਂ ਵਧੇਗਾ। ਭਾਵੇਂ ਕਿ ਨਾਮਾਤਰ ਗੱਲ ਕੀਤੀ ਹੈ। ਅਨੁਸੂਚਿਤ ਜਾਤੀਆਂ ਲਈ ਬਣੀ ਕਾਰਪੋਰੇਸ਼ਨ ਦਾ 2020 ਤੱਕ ਦਾ ਕੁਝ ਕਰਜ਼ਾ ਮੁਆਫ਼ ਕੀਤਾ ਹੈ। ਇਹ ਨਾਮਾਤਰ ਹੈ ਅਤੇ ਕਾਰਪੋਰੇਸ਼ਨ ਖ਼ੁਦ ਸਮਾਪਤੀ ਅਧੀਨ ਹੈ। ਖੁਦਕਸ਼ੀਆਂ ਕਰਨ ਵਾਲੇ ਕਰਜ਼ੇ ਤੋਂ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਹਾਇਤਾ ਅਤੇ ਵਾਰਿਸ਼ਾਂ ਲਈ ਨੌਕਰੀ ਲਈ ਬਜਟ ਚੁੱਪ ਹੈ। ਫਸਲੀ ਵਿਭਿੰਨਤਾ ਹੁਣ ਖੇਤੀ ਖੇਤਰ ਲਈ ਬੇਹੱਦ ਅਣਸਰਦੀ ਲੋੜ ਹੈ। ਪਰ ਅਫਸੋਸ ਕਿ ਉਸ ਦਾ ਵੀ ਬਜਟ ਘਟਾ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਫਸਲੀ ਵਿਭਿੰਨਤਾ ਨੂੰ ਪਹਿਲ ਦੇਣੀ ਬਣਦੀ ਸੀ। ਸਾਡੀ ਲੰਮੀ ਸਮੇਂ ਤੋਂ ਮੰਗ ਹੈ। ਸਰਕਾਰਾਂ ਦਾ ਵਾਅਦਾ ਸੀ। ਇਸ ਦਾ ਬਜਟ ਕਈ ਗੁਣਾਂ ਵਧਾਉਣਾ ਚਾਹੀਦਾ ਸੀ।
ਆਗੂਆਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਫਸਲੀ ਵਿਭਿੰਨਤਾ ਵਾਲੀਆਂ ਫਸਲਾਂ ਦੀ ਵਾਜਬ ਐਮ.ਐਸ.ਪੀ. ਪੰਜਾਬ ਸਰਕਾਰ ਦੇਵੇ ਅਤੇ ਖਰੀਦ ਯਕੀਨੀ ਬਣਾਵੇ। ਜਿਵੇਂ ਕਿ ਮੱਕੀ, ਮੂੰਗੀ, ਸੂਰਜਮੁਖੀ, ਆਲੂ ਅਤੇ ਹੋਰ ਸਬਜ਼ੀਆਂ। ਪਰ ਦਿੱਤਾ ਕੀ ਸਿਰਫ਼ ਮੱਕੀ ਬੀਜਣ ਵਾਲੇ ਨੂੰ ਉਹ ਵੀ ਸਿਰਫ਼ ਤਿੰਨ ਜ਼ਿਲ੍ਹਿਆਂ ਵਿਚ ਪ੍ਰਤੀ ਏਕੜ ਸਿਰਫ਼ 6500 ਰੁਪਏ ਸਬਸਿਡੀ। ਕੌਣ ਬੀਜੇਗਾ ਇਹ ਮਾਮੂਲੀ ਗਰਾਂਟ ਜਦੋਂਕਿ ਇਸ ਦੀ ਖ਼ਰੀਦ ਬਾਰੇ ਕੋਈ ਵਾਅਦਾ ਨਹੀਂ। ਪੰਜਾਬ ਵਿਚ ਔਸਤਨ 75 ਤੋਂ 80 ਹਜ਼ਾਰ ਰੁਪਏ ਠੇਕਾ ਦੇਣ ਵਾਲਾ ਕਿਸਾਨ ਝੋਨਾ ਬੀਜਣੋ ਨਹੀਂ ਹਟੇਗਾ। ਕਾਰਨ ਸਰਕਾਰ ਨੇ ਕੋਈ ਤਰਕਸੰਗਤ/ਲਾਹੇਵੰਦ ਬਦਲ ਪੇਸ਼ ਨਹੀਂ ਕੀਤਾ।
ਪੰਜਾਬ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਵਾਲੇ ਬਜਟ ਵਿਰੁੱਧ ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਸਾਂਝੇ ਸੰਘਰਸ਼ ਤੇਜ਼ ਕੀਤੇ ਜਾਣਗੇ। ਸੰਘਰਸ਼ਾਂ ਉਪਰ ਜਬਰ ਕਰਨ ਤੋਂ ਵੀ ਸਰਕਾਰ ਨੂੰ ਹਟਾ ਕੇ ਰਹਾਂਗੇ।