ਪੀ.ਏ.ਯੂ. ਵਿਚ ਡਿਜ਼ੀਟਲ ਉਪਕਰਣਾਂ ਦੀ ਲੋੜੋਂ ਵੱਧ ਵਰਤੋਂ ਦੀ ਆਦਤ ਘੱਟ ਕਰਨ ਬਾਰੇ ਖੋਜ ਪ੍ਰੋਜੈਕਟ ਜਾਰੀ
ਲੁਧਿਆਣਾ 10 ਫਰਵਰੀ, 2025 - ਅਜੋਕੇ ਸੰਸਾਰ ਵਿਚ ਡਿਜ਼ੀਟਲ ਉਪਕਰਨਾਂ ਦੀ ਵਰਤੋਂ ਦਾ ਰੁਝਾਨ ਵਧਿਆ ਹੈ| ਭਾਵੇਂ ਇਹਨਾਂ ਤਰੀਕਿਆਂ ਨੇ ਸਿੱਖਿਆ, ਸੰਚਾਰ ਅਤੇ ਮਨੋਰੰਜਨ ਦੇ ਖੇਤਰ ਵਿਚ ਨਵੇਂ ਮੌਕੇ ਪ੍ਰਦਾਨ ਕੀਤੇ ਹਨ ਪਰ ਇਸਦੀ ਲੋੜੋਂ ਵੱਧ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ| ਸਮਾਰਟ ਫੋਨ, ਸ਼ੋਸ਼ਲ ਮੀਡੀਆ ਅਤੇ ਹੋਰ ਤਰੀਕਿਆਂ ਨੇ ਮਾਨਸਿਕ ਸਿਹਤ ਦੇ ਨਾਲ-ਨਾਲ ਮਨੁੱਖ ਦੇ ਸਰਵਪੱਖੀ ਵਿਕਾਸ ਨੂੰ ਢਾਅ ਲਾਈ ਹੈ| ਅਜੋਕੇ ਸੰਸਾਰ ਵਿਚ ਇਸਦੀ ਵਰਤੋਂ ਦੀ ਆਦਤ ਘਟਾਉਣ ਲਈ ਖੋਜ ਸ਼ੁਰੂ ਹੋ ਲੱਗੀ ਹੈ| ਪੀ.ਏ.ਯੂ. ਵਿਚ ਇਸ ਵਿਸ਼ੇ ਨਾਲ ਸੰਬੰਧਿਤ ਇਕ ਖੋਜ ਪ੍ਰੋਜੈਕਟ ਆਈ ਸੀ ਐੱਸ ਐੱਸ ਆਰ ਵੱਲੋਂ ਵਿਕਸਿਤ ਭਾਰਤ 2047 ਤਹਿਤ ਪ੍ਰਦਾਨ ਕੀਤਾ ਗਿਆ ਹੈ| ਇਸ ਪ੍ਰੋਜੈਕਟ ਵਿਚ ਸਕੂਲ ਜਾਣ ਵਾਲੇ ਬੱਚਿਆਂ ਦੇ ਮਨ ਨੂੰ ਡਿਜ਼ੀਟਲ ਸੰਸਾਰ ਤੋਂ ਸ਼ੁੱਧ ਕਰਕੇ ਉਹਨਾਂ ਦੇ ਪੋਸ਼ਣ ਅਤੇ ਮਾਨਸਿਕਤਾ ਵਿਚ ਲੋੜੀਂਦੇ ਸੁਧਾਰ ਲਿਆਉਣਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਇਹ ਪੋ੍ਰਜੈਕਟ ਹਿਮਾਚਲ ਪ੍ਰਦੇਸ਼ ਖੇਤੀ ਯੂਨੀਵਰਸਿਟੀ ਪਾਲਮਪੁਰ ਦੇ ਸਹਿਯੋਗ ਨਾਲ ਜਾਰੀ ਹੈ ਅਤੇ ਇਸ ਸੰਬੰਧ ਵਿਚ ਲੋੜੀਂਦਾ ਖੇਤਰੀ ਕਾਰਜ ਕੀਤਾ ਜਾ ਰਿਹਾ ਹੈ ਤਾਂ ਜੋ ਅਜੋਕੇ ਸੰਸਾਰ ਵਿਚ ਬੱਚਿਆਂ ਨੂੰ ਮਾਨਸਿਕ ਵਿਸ਼ਾਦਾਂ ਤੋਂ ਮੁਕਤ ਕਰਕੇ ਸਿਹਤਮੰਦ ਜੀਵਨ ਗੁਜ਼ਾਰਨ ਲਈ ਪ੍ਰੇਰਿਤ ਕੀਤਾ ਜਾਵੇ|
ਭੋਜਨ ਅਤੇ ਪੋਸ਼ਣ ਵਿਭਾਗ ਦੇ ਪ੍ਰੋਫੈਸਰ ਡਾ. ਸੋਨਿਕਾ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਡਾਟਾ ਇਕੱਠਾ ਕਰਨ ਵਾਸਤੇ ਹਿਮਾਚਲ ਅਤੇ ਪੰਜਾਬ ਦੇ 13 ਤੋਂ 15 ਸਾਲ ਦੇ ਸਕੂਲ ਜਾਣ ਵਾਲੇ ਬੱਚਿਆਂ ਵਿੱਚੋਂ 1800 ਦੇ ਨਮੂਨੇ ਲਏ ਜਾਣਗੇ| ਇਸ ਅਧਿਅਨ ਦਾ ਉਦੇਸ਼ ਸਕਰੀਨ ਦੀ ਵਰਤੋਂ ਨਾਲ ਪੈਣ ਵਾਲੇ ਪੋਸ਼ਣ ਸੰਬੰਧੀ ਅਸਰ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਵਿਗਾੜਾਂ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ| ਇਸਦੇ ਨਾਲ-ਨਾਲ ਡਿਜ਼ੀਟਲ ਸ਼ੁੱਧੀਕਰਨ ਵਾਸਤੇ ਲੋੜੀਂਦੇ ਸਿੱਟਿਆਂ ਦੇ ਅਧਾਰ ਤੇ ਜ਼ਰੂਰੀ ਅਧਿਐਨ ਦੇ ਨਤੀਜੇ ਵੀ ਸਾਹਮਣੇ ਆ ਸਕਣਗੇ| ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮੰਤਵ ਤਕਨਾਲੋਜੀ ਨਾਲੋਂ ਨਵੀਂ ਪੀੜੀ ਨਾਲੋਂ ਤੋੜਨਾ ਨਹੀਂ ਬਲਕਿ ਉਸਦੀ ਸੰਤੁਲਿਤ ਵਰਤੋਂ ਲਈ ਪ੍ਰੇਰਿਤ ਕਰਨਾ ਹੈ|