ਪੰਜਾਬੀ ਯੂਨੀਵਰਸਿਟੀ ਵਿਖੇ ਨਵਾਂ ਗਿਆਨ ਕੋਰਸ ਸ਼ੁਰੂ
-ਆਸਟਰੇਲੀਆ ਦੀ ਯੂਨੀਵਰਸਿਟੀ ਤੋਂ ਪੁੱਜੀ ਪ੍ਰੋ. ਰੋਸੇਨ ਗਿਜਟ ਅਤੇ ਹੋਰ ਅਧਿਆਪਕ ਕਰਵਾ ਰਹੇ ਹਨ ਕੋਰਸ
ਪਟਿਆਲਾ, 12 ਮਾਰਚ 2025 - ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ਼ ਗਲੋਬਲ ਇਨੀਸ਼ੀਏਟਿਵ ਫ਼ਾਰ ਅਕਡੈਮਿਕ ਨੈੱਟਵਰਕਸ(ਗਿਆਨ) ਪ੍ਰਾਜੈਕਟ ਤਹਿਤ ਇੱਕ ਨਵਾਂ ਗਿਆਨ ਕੋਰਸ ਸ਼ੁਰੂ ਕੀਤਾ ਗਿਆ ਹੈ। 10 ਤੋਂ 22 ਮਾਰਚ, 2025 ਤੱਕ ਚੱਲ ਵਾਲ਼ੇ ਇਸ ਕੋਰਸ ਵਿੱਚ ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸਿਟੀ ਤੋਂ ਪ੍ਰੋ. ਰੋਸੇਨ ਗਿਜਟ, ਆਈ.ਆਈ.ਟੀ.,ਦਿੱਲੀ ਤੋਂ ਪ੍ਰੋ. ਸੁਪ੍ਰੀਤ ਬਾਹਗਾ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਬਲਰਾਜ ਸੈਣੀ, ਡਾ. ਜਤਿੰਦਰ ਸਿੰਘ ਔਲਖ ਅਤੇ ਪ੍ਰੋ. ਅਸ਼ੋਕ ਕੁਮਾਰ ਮਲਿਕ ਬੁਲਾਰੇ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਕੋਰਸ ਕੋਆਰਡੀਨੇਟਰ ਪ੍ਰੋ. ਅਸ਼ੋਕ ਮਲਿਕ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਐੱਮ. ਐੱਚ.ਆਰ.ਡੀ., ਨਵੀਂ ਦਿੱਲੀ ਵੱਲੋਂ ਇਹ ਪ੍ਰਾਜੈਕਟ ਅਲਾਟ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਕੋਰਸ 'ਮਿਨੀਐਚੁਰਾਈਜ਼ੇਸ਼ਨ ਆਫ਼ ਅਨਲਾਇਟੀਕਲ ਸਿਸਟਮਜ਼' ਵਿਸ਼ੇ ਉੱਤੇ ਹੈ। ਵਿਸ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਰਸਾਇਣ ਵਿਗਿਆਨ ਦੇ ਖੇਤਰ ਵਿੱਚ 'ਲੈਬ-ਆਨ-ਏ-ਚਿਪ' ਨਾਮਕ ਇਸ ਪ੍ਰਣਾਲ਼ੀ ਦੀ ਸ਼ੁਰੂਆਤ ਹੋਣ ਤੋਂ ਤਕਰੀਬਨ 30 ਸਾਲ ਬਾਅਦ ਆਧੁਨਿਕ ਸਮੇਂ ਇਸ ਪ੍ਰਣਾਲ਼ੀ ਨੇ ਵਿਗਿਆਨ ਦੇ ਖੇਤਰ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਨੂੰ ਹੱਲ ਕੀਤਾ ਹੈ। ਵਿਗਿਆਨ ਦੇ ਖੇਤਰ ਵਿੱਚ ਵਿਸ਼ੇ ਦੀ ਮਹੱਤਤਾ ਨੂੰ ਵੇਖਦਿਆਂ ਇਹ ਵਿਸ਼ਾ ਚੁਣਿਆ ਗਿਆ ਹੈ ਜਿਸ ਦੇ ਮਾਹਿਰ ਅਧਿਆਪਕ ਇਸ ਕੋਰਸ ਰਾਹੀਂ ਆਪਣਾ ਗਿਆਨ ਪ੍ਰਦਾਨ ਕਰ ਰਹੇ ਹਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕੋਰਸ ਕੋਆਰਡੀਨੇਟਰ ਪ੍ਰੋ. ਅਸ਼ੋਕ ਕੁਮਾਰ ਮਲਿਕ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਕੌਮਾਂਤਰੀ ਪੱਧਰ ਉੱਤੇ ਯੂਨੀਵਰਸਿਟੀ ਦੀ ਪਛਾਣ ਬਣਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਯੂਨੀਵਰਸਿਟੀ ਦੇ ਅਕਾਦਮਿਕ ਮਿਆਰਾਂ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ।