"ਟੀ.ਬੀ ਲਾਗ ਦੀ ਬਿਮਾਰੀ, ਪਰ ਲਾਇਲਾਜ ਨਹੀਂ": ਡਾ. ਦਲਜੀਤ ਕੌਰ
ਸ਼੍ਰੀ ਕੀਰਤਪੁਰ ਸਾਹਿਬ, 24 ਮਾਰਚ 2025 ਪੀ.ਐੱਚ.ਸੀ ਕੀਰਤਪੁਰ ਸਾਹਿਬ ਅਧੀਨ ਆਉਂਦੇ ਵੱਖ ਵੱਖ ਜਨ ਅਰੋਗਿਆ ਕੇਂਦਰਾਂ 'ਤੇ ਅੱਜ ਲੋਕਾਂ ਨੂੰ ਟੀ.ਬੀ ਰੋਗ ਤੋਂ ਬਚਾਅ ਬਾਰੇ ਜਾਗਰੂਕ ਕਰਕੇ ਵਿਸ਼ਵ ਟੀ.ਬੀ ਦਿਵਸ ਮਨਾਇਆ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਲਜੀਤ ਕੌਰ ਨੇ ਕਿਹਾ ਕਿ ਬੇਸ਼ਕ ਟੀ.ਬੀ ਇੱਕ ਖਤਰਨਾਕ ਬਿਮਾਰੀ ਹੈ, ਪਰ ਇਹ ਪੂਰੀ ਤਰ੍ਹਾਂ ਇਲਾਜ ਯੋਗ ਹੈ। ਜੇਕਰ ਸਮੇਂ ਤੇ ਇਸਦਾ ਇਲਾਜ ਕੀਤਾ ਜਾਵੇ, ਤਾਂ ਇਸਨੂੰ ਕਾਬੂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੀੜ੍ਹਤ ਵਿਅਕਤੀ ਦੇ ਖੰਘਣ, ਛਿੱਕਣ ਜਾਂ ਸਾਹ ਛੱਡਣ ਨਾਲ ਬੈਕਟੀਰੀਆ ਹਵਾ ਵਿਚ ਫ਼ੈਲਦੇ ਹਨ ਜੋ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਲਈ ਤਪਦਿਕ ਦੀ ਬਿਮਾਰੀ ਨੂੰ ਛੁਪਾਉਣਾ ਘਾਤਕ ਹੋ ਸਕਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਦੋ ਹਫਤੇ ਤੋਂ ਵੱਧ ਖੰਘ, ਦਿਨ ਪ੍ਰਤੀ ਦਿਨ ਭਾਰ ਦਾ ਘਟਣਾ, ਭੁੱਖ ਨਾ ਲੱਗਣਾ, ਸ਼ਾਮ ਨੂੰ ਹਲਕਾ ਬੁਖਾਰ ਹੋਣਾ ਟੀ.ਬੀ ਦੇ ਲੱਛਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੱਛਣ ਵਿਖਾਈ ਦੇਣ 'ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਨੇ ਸਰਕਾਰ ਵੱਲੋਂ ਟੀ.ਬੀ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਟੀ.ਬੀ ਦੀ ਜਾਂਚ ਅਤੇ ਇਲਾਜ ਦੀ ਮੁਫ਼ਤ ਸੁਵਿਧਾ ਦਿੱਤੀ ਜਾਂਦੀ ਹੈ। ਉਹਨਾਂ ਟੀ.ਬੀ ਰੋਗ ਤੋਂ ਪੀੜਤ ਮਰੀਜ਼ਾਂ ਨੂੰ ਦਵਾਈ ਸਮੇਂ ਤੇ ਲੈਣ ਅਤੇ ਆਪਣਾ ਇਲਾਜ ਅੱਧ ਵਿਚਾਲੇ ਨਾ ਛੱਡਣ ਦੀ ਸਲਾਹ ਵੀ ਦਿੱਤੀ।
ਬਲਾਕ ਐਜੁਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ ਇਹ ਬਿਮਾਰੀ ਤੰਬਾਕੂ ਦੇ ਸੇਵਨ, ਕੁਪੋਸ਼ਣ ਅਤੇ ਸ਼ਰਾਬ ਦੀ ਵਰਤੋਂ ਕਾਰਨ ਵੀ ਹੋ ਸਕਦੀ ਹੈ ਪਰ ਜੇਕਰ ਰੋਗ ਦੀ ਸ਼ੁਰੂਆਤੀ ਪੜਾਅ ਵਿਚ ਪਛਾਣ ਕਰਕੇ ਇਲਾਜ ਸ਼ੁਰੂ ਕਰਵਾ ਲਿਆ ਜਾਵੇ ਤਾਂ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਟੀ.ਬੀ ਦੇ ਮਰੀਜ਼ ਨੂੰ ਵਿਟਾਮਿਨ, ਖਣਿਜ ਲੂਣ, ਕੈਲਸ਼ੀਅਮ, ਪ੍ਰੋਟੀਨ ਅਤੇ ਫਾਈਬਰ ਭਰਪੂਰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਜੋ ਰੋਗ ਨਾਲ ਲੜਣ ਦੀ ਸ਼ਕਤੀ ਵਧਾਉਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਇਕ ਟੀ.ਬੀ ਮਰੀਜ ਨੂੰ ਜੋ ਸਰਕਾਰੀ ਸੰਸਥਾ 'ਤੇ ਰਜਿਸਟਿਰਡ ਹੈ ਉਸ ਨੂੰ ਸਰਕਾਰ ਵੱਲੋਂ ਇਲਾਜ ਦੌਰਾਨ 500 ਰੁਪਏ ਪੌਸ਼ਟਿਕ ਖੁਰਾਕ ਲਈ ਦਿੱਤੇ ਜਾਂਦੇ ਹਨ ਤਾਂ ਜੋ ਮਰੀਜ਼ ਤੰਦਰੁਸਤ ਅਤੇ ਸਿਹਤਮੰਦ ਹੋ ਸਕੇl
ਇਸ ਮੌਕੇ ਐੱਸ.ਆਈ ਸਿਕੰਦਰ ਸਿੰਘ, ਐੱਮ. ਪੀ.ਐੱਚ.ਡਬਲਯੂ ਰਵਿੰਦਰ ਸਿੰਘ, ਸੀ.ਓ ਭਰਤ ਕਪੂਰ, ਸੀ. ਐੱਚ.ਓ ਪੂਨਮ ਅਤੇ ਐੱਲ.ਟੀ ਹਰਪ੍ਰੀਤ ਕੌਰ ਵੀ ਮੌਜੂਦ ਰਹੇ।